ਚੰਡੀਗੜ੍ਹ: 9 ਜੂਨ 2024 – ਮੋਦੀ 3.0 ਦੇ ਸੰਭਾਵੀ ਮੰਤਰੀਆਂ ਨੂੰ ਸਹੁੰ ਚੁੱਕਣ ਲਈ ਫੋਨ ਆਉਣੇ ਸ਼ੁਰੂ ਹੋ ਗਏ ਹਨ। ਚੰਦਰਬਾਬੂ ਨਾਇਡੂ ਦੀ ਟੀਡੀਪੀ ਨੂੰ ਕੈਬਨਿਟ ਅਤੇ ਰਾਜ ਮੰਤਰੀ ਦਾ ਅਹੁਦਾ ਮਿਲਣਾ ਲਗਭਗ ਪੱਕਾ ਹੋ ਗਿਆ ਹੈ। ਐਲਜੇਪੀ (ਆਰ) ਤੋਂ ਚਿਰਾਗ ਪਾਸਵਾਨ, ਜੇਡੀਯੂ ਤੋਂ ਰਾਮਨਾਥ ਠਾਕੁਰ ਅਤੇ ਲਲਨ ਸਿੰਘ, ਐਚਏਐਮ ਦੇ ਜੀਤਨ ਰਾਮ ਮਾਂਝੀ ਅਤੇ ਅਪਨਾ ਦਲ (ਐਸ) ਦੀ ਪ੍ਰਧਾਨ ਅਨੁਪ੍ਰਿਆ ਪਟੇਲ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ। ਸਾਬਕਾ ਸੀਐਮ ਮਨੋਹਰ ਲਾਲ ਖੱਟਰ ਅਤੇ ਰਾਓ ਇੰਦਰਜੀਤ ਨੂੰ ਵੀ ਹਰਿਆਣਾ ਤੋਂ ਫੋਨ ਆਏ ਹਨ।
ਉਥੇ ਹੀ ਜੇ ਕਰੀਏ ਪੰਜਾਬ ਦੀ ਤਾਂ ਬੀਜੇਪੀ ਪੰਜਾਬ ਨੂੰ ਵੀ ਅੱਖੋਂ ਓਹਲੇ ਨਹੀਂ ਕਰ ਸਕਦੀ, ਕਿਉਂਕਿ ਪਹਿਲਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮਿਲ ਕੇ ਚੋਣ ਲੜਦੀ ਸੀ ਪਰ ਹੁਣ ਦੋਵਾਂ ਦੇ ਰਾਹ ਵੱਖ ਹੋ ਚੁੱਕੇ ਹਨ। ਇਸ ਵੇਲੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਬੀਜੇਪੀ ਦੇ ਸਾਰੇ ਉਮੀਦਵਾਰ ਹਾਰ ਗਏ ਹਨ, ਪਰ ਫੇਰ ਵੀ ਇਨ੍ਹਾਂ ‘ਚੋਂ ਕਿਸੇ ਇੱਕ ਉਮੀਦਵਾਰ ਨੂੰ ਅਹੁਦਾ ਮਿਲਣਾ ਤੈਅ ਹੈ।
ਭਾਜਪਾ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ‘ਤੇ ਵੀ ਨਜ਼ਰ ਹੈ। ਇਸ ਵੇਲੇ ਸਿੱਖ ਆਗੂਆਂ ‘ਚੋਂ ਭਾਜਪਾ ਪੰਜਾਬ ‘ਚੋਂ ਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ‘ਤੇ ਵਿਚਾਰ ਕਰ ਰਹੀ ਹੈ। ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਅਤੇ ਫਿਰੋਜ਼ਪੁਰ ਸੀਟ ਤੋਂ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ ਦੇ ਨਾਵਾਂ ਦੀ ਪਾਰਟੀ ਮੀਟਿੰਗ ਵਿੱਚ ਚਰਚਾ ਹੋਈ ਅਤੇ ਇਸ ਰੇਸ ‘ਚ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦਾ ਨਾਂਅ ਵੀ ਚਰਚਾ ‘ਚ ਹੈ। ਪਰ ਉੱਥੇ ਹੀ ਸੰਧੂ ਨੂੰ ਨਰਿੰਦਰ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹਿੰਦਿਆਂ ਅਮਰੀਕਾ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ, ਉਨ੍ਹਾਂ ਦਾ ਨਾਂਅ ਸਭ ਤੋਂ ਅੱਗੇ ਹੈ।
ਉੱਥੇ ਹੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਜਪਾ ਨੇ ਐਨਡੀਏ ਵਿੱਚ ਸਿਆਸੀ ਵਾਪਸੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸੰਪਰਕ ਕੀਤਾ ਹੈ ਅਤੇ ਦੋਵੇਂ ਪਾਰਟੀਆਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਲਈ ਗੱਲਬਾਤ ਕਰ ਰਹੀਆਂ ਹਨ। ਪਰ ਅਜੇ ਇਸ ਬਾਰੇ ਕੋਈ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।