- ਨੱਡਾ ਦੀ ਹੋਈ ਕੈਬਨਿਟ ‘ਚ ਵਾਪਸੀ
- 14 ਬਿਨਾਂ ਚੋਣ ਜਿੱਤੇ ਮੰਤਰੀ ਬਣੇ
ਨਵੀਂ ਦਿੱਲੀ, 10 ਜੂਨ 2024 – ਨਰਿੰਦਰ ਮੋਦੀ ਨੇ ਐਤਵਾਰ ਸ਼ਾਮ 7.15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਅਜਿਹਾ ਕਰਨ ਵਾਲੇ ਉਹ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ। ਮੋਦੀ ਦੇ ਨਾਲ 71 ਮੰਤਰੀਆਂ ਨੇ ਚੁੱਕੀ ਸਹੁੰ ਇਨ੍ਹਾਂ ਵਿੱਚ 30 ਕੈਬਨਿਟ ਮੰਤਰੀ ਅਤੇ 5 ਆਜ਼ਾਦ ਚਾਰਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ।
ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਨੂੰ ਮੁੜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਿਵਰਾਜ ਸਿੰਘ ਚੌਹਾਨ ਅਤੇ ਮਨੋਹਰ ਲਾਲ ਖੱਟਰ ਨੂੰ ਪਹਿਲੀ ਵਾਰ ਮੋਦੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਹੈ। ਦੋਵਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਜੇਪੀ ਨੱਡਾ ਦੀ ਕੈਬਨਿਟ ਵਿੱਚ ਵਾਪਸੀ ਹੋਈ ਹੈ। ਉਹ 2014-19 ਤੱਕ ਸਿਹਤ ਮੰਤਰੀ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ।
ਇਸ ਦੇ ਨਾਲ ਹੀ 12 ਅਜਿਹੇ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਨੇ ਚੋਣ ਨਹੀਂ ਲੜੀ। ਇਸ ਵਿੱਚ ਜੇਪੀ ਨੱਡਾ, ਅਸ਼ਵਨੀ ਵੈਸ਼ਨਵ, ਸ. ਜੈਸ਼ੰਕਰ, ਨਿਰਮਲਾ ਸੀਤਾਰਮਨ, ਹਰਦੀਪ ਸਿੰਘ ਪੁਰੀ, ਜਯੰਤ ਚੌਧਰੀ, ਰਾਮਦਾਸ ਅਠਾਵਲੇ, ਰਾਮਨਾਥ ਠਾਕੁਰ, ਬੀ.ਐਲ.ਵਰਮਾ, ਸਤੀਸ਼ ਚੰਦਰ ਦੂਬੇ, ਪਵਿੱਤਰਾ ਮਾਰਗਰੀਟਾ ਅਤੇ ਜਾਰਜ ਕੁਰੀਅਨ ਸ਼ਾਮਲ ਹਨ।
ਇਸ ਤੋਂ ਇਲਾਵਾ ਦੋ ਹਾਰੇ ਹੋਏ ਆਗੂਆਂ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਤਾਮਿਲਨਾਡੂ ਦੇ ਨੀਲਗਿਰੀ ਤੋਂ ਭਾਜਪਾ ਉਮੀਦਵਾਰ ਐੱਲ. ਮੁਰੂਗਨ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਉਹ ਡੀਐਮਕੇ ਦੇ ਏ. ਰਾਜਾ ਤੋਂ 2.40 ਲੱਖ ਵੋਟਾਂ ਨਾਲ ਹਾਰ ਗਏ। ਇਸ ਦੇ ਨਾਲ ਹੀ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਵੀ ਮੰਤਰੀ ਬਣਾਇਆ ਗਿਆ ਹੈ।
ਜੇਡੀਐਸ ਸੰਸਦ ਮੈਂਬਰ ਐਚਡੀ ਕੁਮਾਰਸਵਾਮੀ, ਹਿੰਦੁਸਤਾਨੀ ਅਵਾਮ ਮੋਰਚਾ (ਐਚਏਐਮ) ਦੇ ਜੀਤਨ ਰਾਮ ਮਾਂਝੀ ਅਤੇ ਜੇਡੀਯੂ ਦੇ ਰਾਜੀਵ ਰੰਜਨ ਸਿੰਘ (ਲਲਨ ਸਿੰਘ) ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਸਭ ਤੋਂ ਘੱਟ ਉਮਰ ਦੇ ਟੀਡੀਪੀ ਸੰਸਦ ਰਾਮਮੋਹਨ ਨਾਇਡੂ ਵੀ ਮੰਤਰੀ ਬਣ ਗਏ ਹਨ।