ਨਵੀਂ ਦਿੱਲੀ, 11 ਜੂਨ 2024 – ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤੀਜੀ ਸਰਕਾਰ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਪ੍ਰਧਾਨ ਮੰਤਰੀ ਅਹੁਦੇ ਦੇ ਨਾਲ-ਨਾਲ ਮੋਦੀ ਕਈ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਉਹ ਪਰਸੋਨਲ, ਪਰਮਾਣੂ ਊਰਜਾ, ਪੁਲਾੜ ਅਤੇ ਸਾਰੇ ਪ੍ਰਮੁੱਖ ਨੀਤੀ ਮੁੱਦਿਆਂ ਦੇ ਮੰਤਰਾਲੇ ਦੇ ਇੰਚਾਰਜ ਹੋਣਗੇ। ਇਸ ਤੋਂ ਇਲਾਵਾ ਹੋਰ ਵਿਭਾਗ ਜੋ ਕਿਸੇ ਹੋਰ ਮੰਤਰੀ ਨੂੰ ਨਹੀਂ ਦਿੱਤੇ ਗਏ ਹਨ, ਉਨ੍ਹਾਂ ਦੀ ਕਮਾਨ ਵੀ ਪੀਐੱਮ ਮੋਦੀ ਦੇ ਹੱਥਾਂ ‘ਚ ਹੋਵੇਗੀ।
ਦੱਸ ਦਈਏ ਕਿ ਮੋਦੀ 3.0 ‘ਚ ਜ਼ਿਆਦਾਤਰ ਵੱਡੇ ਕੈਬਨਿਟ ਮੰਤਰੀਆਂ ਦੇ ਵਿਭਾਗ ਬਰਕਰਾਰ ਰੱਖੇ ਗਏ ਹਨ। ਟਾਪ-4 ਦੇ ਪੋਰਟਫੋਲੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ‘ਚ ਵੀ ਰਾਜਨਾਥ ਸਿੰਘ ਨੂੰ ਹੀ ਰੱਖਿਆ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਇਹੀ ਮੰਤਰਾਲਾ ਸੀ। ਅਮਿਤ ਸ਼ਾਹ ਨੂੰ ਵੀ ਗ੍ਰਹਿ ਅਤੇ ਸਹਿਕਾਰਤਾ ਮੰਤਰਾਲੇ ਵਿੱਚ ਬਰਕਰਾਰ ਰੱਖਿਆ ਗਿਆ ਹੈ। ਪਿਛਲੀ ਸਰਕਾਰ ਵਿੱਚ ਵੀ ਉਨ੍ਹਾਂ ਨੇ ਗ੍ਰਹਿ ਅਤੇ ਸਹਿਕਾਰਤਾ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲੀ ਸੀ। ਨਿਤਿਨ ਗਡਕਰੀ ਸੜਕ ਅਤੇ ਰਾਜਮਾਰਗ ਮੰਤਰਾਲਾ ਬਰਕਰਾਰ ਰੱਖਣਗੇ।
ਇਸ ਦੇ ਨਾਲ ਹੀ ਨਵੀਂ ਬਣੀ ਕੇਂਦਰੀ ਮੰਤਰੀ ਮੰਡਲ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਨੂੰ ਸੰਭਾਲ ਰਹੀ ਨਿਰਮਲਾ ਸੀਤਾਰਮਨ ਕੋਲ ਪਿਛਲੀ ਸਰਕਾਰ ਵਿੱਚ ਵੀ ਇਹ ਮੰਤਰਾਲੇ ਸਨ। ਐੱਸ. ਜੈਸ਼ੰਕਰ ਪਿਛਲੀ ਮੋਦੀ ਸਰਕਾਰ ‘ਚ ਵਿਦੇਸ਼ ਮੰਤਰੀ ਸਨ। ਉਨ੍ਹਾਂ ਦਾ ਮੰਤਰਾਲਾ ਵੀ ਬਰਕਰਾਰ ਰੱਖਿਆ ਗਿਆ ਹੈ। ਪਿਯੂਸ਼ ਗੋਇਲ ਪਿਛਲੀ ਮੋਦੀ ਸਰਕਾਰ ਵਿੱਚ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸਨ। ਇਸ ਵਾਰ ਫਿਰ ਉਨ੍ਹਾਂ ਨੂੰ ਵਣਜ ਅਤੇ ਉਦਯੋਗ ਮੰਤਰਾਲੇ ਦੀ ਜ਼ਿੰਮੇਵਾਰੀ ਮਿਲੀ ਹੈ।