- ਅਬੂਝਮਾਦ ‘ਚ ਮੁਕਾਬਲਾ ਜਾਰੀ
- 161 ਦਿਨਾਂ ਵਿੱਚ 134 ਨਕਸਲੀ ਮਾਰੇ ਗਏ
ਛੱਤੀਸਗੜ੍ਹ, 15 ਜੂਨ 2024 – ਛੱਤੀਸਗੜ੍ਹ-ਮਹਾਰਾਸ਼ਟਰ ਰਾਜ ਦੀ ਸਰਹੱਦ ‘ਤੇ ਨਰਾਇਣਪੁਰ ਦੇ ਅਬੂਝਮਦ ਦੇ ਕੁਤੁਲ ਇਲਾਕੇ ‘ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਮੁਕਾਬਲੇ ‘ਚ 8 ਮਾਓਵਾਦੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੁਕਾਬਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਦੋ ਜ਼ਖਮੀ ਹੋ ਗਏ ਹਨ। ਫੋਰਸ ਅਜੇ ਵੀ ਮੌਕੇ ‘ਤੇ ਮੌਜੂਦ ਹੈ।
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਤੁਲ, ਫਰਸਾਬੇਦਾ, ਕੋਡਾਮੇਟਾ ਇਲਾਕੇ ‘ਚ ਵੱਡੀ ਗਿਣਤੀ ‘ਚ ਨਕਸਲੀ ਮੌਜੂਦ ਹਨ। ਮੁਖਬਰ ਤੋਂ ਮਿਲੀ ਇਸ ਸੂਚਨਾ ਤੋਂ ਬਾਅਦ ਬਸਤਰ ਡਿਵੀਜ਼ਨ ਦੇ ਜਗਦਲਪੁਰ, ਦਾਂਤੇਵਾੜਾ, ਕੋਂਡਗਾਓਂ ਅਤੇ ਕਾਂਕੇਰ ਤੋਂ ਲਗਭਗ 1400 ਡੀਆਰਜੀ ਅਤੇ ਐਸਟੀਐਫ ਦੇ ਜਵਾਨਾਂ ਨੂੰ ਅਪਰੇਸ਼ਨ ਲਈ ਬੁਲਾਇਆ ਗਿਆ। ਪਿਛਲੇ 3 ਦਿਨਾਂ ਤੋਂ ਜਵਾਨ ਨਕਸਲੀਆਂ ਦੇ ਖਿਲਾਫ ਆਪਰੇਸ਼ਨ ਚਲਾ ਰਹੇ ਹਨ।
ਜਵਾਨਾਂ ਨੇ ਨਕਸਲੀਆਂ ਦੇ ਟਿਕਾਣੇ ਨੂੰ ਘੇਰ ਲਿਆ ਹੈ। ਇੱਕ ਦਿਨ ਪਹਿਲਾਂ ਵੀ ਦਿਨ ਭਰ ਜਵਾਨਾਂ ਦੀ ਇਸ ਸਾਂਝੀ ਟੀਮ ਨਾਲ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ ਸੀ। 15 ਜੂਨ ਦੀ ਸਵੇਰ ਤੋਂ ਮੁੜ ਮੁੱਠਭੇੜ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਫੋਰਸ ਨੇ 8 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਮਾਰੇ ਗਏ ਨਕਸਲੀਆਂ ਦੀ ਗਿਣਤੀ ਵੀ ਵਧ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜੀ ਵਾਪਸ ਆਉਣ ‘ਤੇ ਹੋਰ ਜਾਣਕਾਰੀ ਮਿਲੇਗੀ।