ਸੰਘਰਸ਼ ਦੇ ਦਬਾਅ ਹੇਠ ਕੇਂਦਰ ਸਰਕਾਰ ਢੈਲੀ ਪਈ, ਪਰ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ – ਬੀਕੇਯੂ ਉਗਰਾਹਾਂ

  • 2 ਜਨਵਰੀ ਨੂੰ ਹਰਿਆਣਾ ਦੇ ਪਿੰਡਾਂ ‘ਚ ਟਰੈਕਟਰ ਮਾਰਚ ਕਰਨ ਦਾ ਐਲਾਨ

ਨਵੀਂ ਦਿੱਲੀ 1 ਜਨਵਰੀ 2021 – ਕੇਂਦਰ ਸਰਕਾਰ ਵੱਲੋਂ ਕੱਲ੍ਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸਮੇਂ ਪ੍ਰਦੂਸ਼ਣ ਨਾਲ ਸਬੰਧਤ ਕਾਨੂੰਨ ਚੋਂ ਕਿਸਾਨਾਂ ਤੇ ਪਰਾਲ਼ੀ ਨੂੰ ਬਾਹਰ ਰੱਖਣ ਅਤੇ ਬਿਜਲੀ ਸੋਧ ਬਿੱਲ 2020 ‘ਤੇ ਚਰਚਾ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਮੋਟਰਾਂ ਉਤੇ ਮਿਲਦੀ ਸਬਸਿਡੀ ਜ਼ਾਰੀ ਰੱਖਣ ਦਾ ਕੀਤਾ ਵਾਅਦਾ ਕਿਸਾਨਾਂ ਤੇ ਲੋਕਾਂ ਦੇ ਸੰਘਰਸ਼ ਦੇ ਦਬਾਅ ਦਾ ਸਿੱਟਾ ਹੈ ਪਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੋਈ ਇਸ ਲਈ ਕਿਸਾਨ ਤੇ ਲੋਕ ਮਾਰੂ ਇਹਨਾਂ ਪੰਜੇ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਟਿੱਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਲੱਗੀ ਸਟੇਜ ਤੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਵੱਲੋਂ ਕੀਤਾ ਗਿਆ। ਉਹਨਾਂ ਆਖਿਆ ਕਿ ਸਰਕਾਰ ਨਾਲ਼ ਹੋਈ ਗੱਲਬਾਤ ਦੀ ਸੂਬਾ ਕਮੇਟੀ ‘ਚ ਸਮੀਖਿਆ ਕਰਨ ਉਪਰੰਤ ਗੱਲਬਾਤ ਦੇ ਨਾਲ ਨਾਲ ਸੰਘਰਸ਼ ਨੂੰ ਜਾਰੀ ਰੱਖਣ ਦੇ ਫੈਸਲੇ ਤਹਿਤ 2 ਜਨਵਰੀ ਨੂੰ ਇੱਕ ਹਜ਼ਾਰ ਟਰੈਕਟਰਾਂ ਦੇ ਉੱਤੇ ਹਰਿਆਣਾ ਦੇ ਪਿੰਡਾਂ ‘ਚ ਮਾਰਚ ਕਰਨ ਦੇ ਸੱਦੇ ਨੂੰ ਪੂਰੇ ਜ਼ੋਰ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ।

ਉਹਨਾਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਦੀਆਂ 50 ਫੀਸਦੀ ਮੰਗਾਂ ਮੰਨਣ ਦੇ ਬਿਆਨ ਨੂੰ ਗੁੰਮਰਾਹ ਕੁੰਨ ਤੇ ਝੂਠਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਮੀਟਿੰਗ ਦੌਰਾਨ ਸਰਕਾਰ ਐਮ ਐਸ ਪੀ ਜ਼ਾਰੀ ਰੱਖਣ ਦੇ ਲਿਖ਼ਤੀ ਭੋਰੋਸੇ ਦੇ ਵਾਅਦੇ ਤਾਂ ਕਰਦੀ ਰਹੀ ਪਰ ਪੂਰੇ ਮੁਲਕ ‘ਚ ਸਭਨਾਂ ਫਸਲਾਂ ‘ਤੇ ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਦੇਣ ਲਈ ਤਿਆਰ ਨਹੀਂ ਹੋਈ। ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਐਮ ਐਸ ਪੀ ਸਬੰਧੀ ਕਾਨੂੰਨ ਬਣਾਏ ਤੋਂ ਬਿਨਾਂ ਲਿਖਤੀ ਵਾਅਦੇ ਦੀ ਕੋਈ ਵੁੱਕਤ ਨਹੀਂ ਕਿਉਂਕਿ ਇਸਨੂੰ ਜਦੋਂ ਮਰਜ਼ੀ ਬਦਲਿਆ ਜਾ ਸਕਦਾ ਹੈ।

ਉਹਨਾਂ ਆਖਿਆ ਕਿ ਕਿਸਾਨਾਂ ਦੀ ਮੰਗ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਾਉਣ ਦੀ ਹੈ ਜੋ ਬਿਜਲੀ ਬੋਰਡ ਦੇ ਮੁਕੰਮਲ ਨਿੱਜੀਕਰਨ ਦਾ ਕਦਮ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਮੋਟਰਾਂ ਤੇ ਮਿਲਦੀ ਸਬਸਿਡੀ ਦੀ ਵਕਤੀ ਰਾਹਤ ਦੇਣ ਲਈ ਹੀ ਤਿਆਰ ਹੈ ਪਰ ਬਿੱਲ ਰੱਦ ਕਰਨ ਲਈ ਤਿਆਰ ਨਹੀਂ ਜ਼ੋ ਕਿਸਾਨਾਂ ਨੂੰ ਮਨਜ਼ੂਰ ਨਹੀਂ। ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ 2 ਜਨਵਰੀ ਨੂੰ ਹਰਿਆਣਾ ਦੇ ਪਿੰਡਾਂ ‘ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਵਿੱਚ ਵਧ ਚੜ੍ਹਕੇ ਸ਼ਾਮਲ ਹੋਣ।

ਅੱਜ ਦੇ ਇਕੱਠ ਨੂੰ ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਹਰਿਆਣਾ ਦੇ ਕਿਸਾਨ ਆਗੂ ਰਾਜਿੰਦਰ ਸਿੰਘ ਤੇ ਦਿਲਬਾਗ਼ ਸਿੰਘ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ, ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਸੈਨਿਕ ਵੈਲਫੇਅਰ ਸੁਸਾਇਟੀ ਦੇ ਆਗੂ ਕੁਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਦੇ ਸੂਬਾ ਸਹਿ-ਇੰਚਾਰਜ ਰਾਘਵ ਚੱਢਾ 1 ਜਨਵਰੀ ਤੋਂ 2 ਰੋਜਾ ਪੰਜਾਬ ਦੌਰੇ ‘ਤੇ

ਕਿਸਾਨ ਨੇ ਆਪਣੇ ਪਾਲਤੂ ਕੁੱਤੇ ਨੂੰ ਬਣਾਇਆ ਆਪਣੀ ਜਾਇਦਾਦ ਦਾ ਵਾਰਸ