ਪਠਾਨਕੋਟ, 16 ਜੂਨ 2024 – ਪਠਾਨਕੋਟ ਦੇ ਸਰਨਾ ਕਸਬੇ ਦੇ ਇੱਕ ਪਰਿਵਾਰ ਦੀ ਧੀ ਹਰਨੂਰ ਕੌਰ ਭਾਰਤੀ ਹਵਾਈ ਸੈਨਾ ਵਿੱਚ ਥਾਂ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ। ਉਹ ਭਾਰਤੀ ਹਵਾਈ ਸੈਨਾ ਵਿੱਚ ਚੁਣੀ ਗਈ ਹੈ। ਹਰਨੂਰ ਕੌਰ ਦਾ ਵੱਡਾ ਭਰਾ ਵੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ।
ਹਰਨੂਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਹਮੇਸ਼ਾ ਸੁਪਨਾ ਸੀ ਕਿ ਮੈਂ ਦੇਸ਼ ਲਈ ਕੁਝ ਕਰਾਂ, ਜਿਸ ਲਈ ਉਨ੍ਹਾਂ ਨੇ ਹਮੇਸ਼ਾ ਮੈਨੂੰ ਆਪਣੇ ਵੱਡੇ ਭਰਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਮੇਰੇ ਪਿਤਾ ਪ੍ਰਿੰਸੀਪਲ, ਮਾਤਾ ਮੈਡੀਕਲ ਅਫਸਰ ਅਤੇ ਮੇਰੀ ਦਾਦੀ ਹੈੱਡ ਮਿਸਟ੍ਰੈਸ ਵਜੋਂ ਸੇਵਾਮੁਕਤ ਹੋਏ ਹਨ, ਜਿਸ ਕਾਰਨ ਸਾਡੇ ਘਰ ਸ਼ੁਰੂ ਤੋਂ ਹੀ ਪੜ੍ਹਾਈ ਦਾ ਮਾਹੌਲ ਬਣਿਆ ਹੋਇਆ ਹੈ। ਹਰਨੂਰ ਨੇ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਸਿਖਲਾਈ ਲਈ ਜਾਵੇਗੀ।
ਇਸ ਦੇ ਨਾਲ ਹੀ ਹਰਨੂਰ ਕੌਰ ਦੇ ਪਿਤਾ ਵਿਕਰਮ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਵਹਿਣ ਲੱਗੇ। ਮੁਸਕਰਾਉਂਦੇ ਹੋਏ ਉਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਧੀ ਇਸ ਦਿਸ਼ਾ ਵਿੱਚ ਲੰਬੇ ਸਮੇਂ ਤੋਂ ਯਤਨ ਕਰ ਰਹੀ ਹੈ। ਇਸ ਵਾਰ ਮੈਰਿਟ ਸੂਚੀ ਵਿੱਚ ਨਾਮ ਆਉਣ ਨਾਲ ਉਸ ਦੀ ਬੇਟੀ ਦਾ ਸੁਪਨਾ ਪੂਰਾ ਹੋ ਗਿਆ ਹੈ। ਸਾਨੂੰ ਆਪਣੀ ਬੇਟੀ ਦੀ ਕਾਮਯਾਬੀ ‘ਤੇ ਮਾਣ ਹੈ।
ਉਨ੍ਹਾਂ ਕਿਹਾ ਕਿ ਜਿਸ ਮਕਸਦ ਲਈ ਮੈਂ ਆਪਣੀ ਬੇਟੀ ਦੇ ਨਾਂ ਪਿੱਛੇ ਸਿੰਘ ਲਾਇਆ ਸੀ, ਉਹ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਦੁਆ ਕਰਦਾ ਹਾਂ ਕਿ ਹਰ ਪਰਿਵਾਰ ਨੂੰ ਹਰਨੂਰ ਵਰਗੀ ਧੀ ਮਿਲੇ। ਹਰਨੂਰ ਦੀ ਮਾਂ ਵੀ ਆਪਣੀ ਧੀ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹੈ।