ਚੰਡੀਗੜ੍ਹ, 1 ਜਨਵਰੀ 2021 – ਕਿਸਾਨਾਂ ਵੱਲੋਂ ਅੰਦੋਲਨ ਦੌਰਾਨ ਜੀਓ ਕੰਪਨੀ ਦਾ ਬਾਈਕਾਟ ਜਾਰੀ ਹੈ ਤੇ ਕਿਸਾਨ ਲਗਾਤਾਰ ਜੀਓ ਦੇ ਨੰਬਰ ਦੂਜੀਆਂ ਕੰਪਨੀਆਂ ‘ਚ ਪੋਰਟ ਕਰ ਰਹੇ ਹਨ, ਜਿਸੋਂ ਬਾਅਦ ਹੁਣ ਰਿਲਾਇੰਸ ਕੰਪਨੀ ਘਬਰਾ ਗਈ ਹੈ। ਜਿਸ ਨੂੰ ਰੋਕਣ ਲਈ ਕੰਪਨੀ ਨੇ ਟਰਾਈ ਦੇ ਨਿਯਮਾਂ ਦੇ ਉਲਟ ਜਾ ਕੇ ਨੰਬਰ ਪੋਰਟ ਨੂੰ ਖੁਦ ਹੀ ਬ੍ਰੇਕ ਲਾ ਦਿੱਤੀ ਹੈ। ਕੰਪਨੀ ਨੰਬਰ ਪੋਰਟ ਲਈ ਕੋਡ ਨਹੀਂ ਭੇਜ ਰਹੀ। ਉਧਰ ਕਿਸਾਨ ਜਥੇਬੰਦੀਆਂ ਨੇ ਇਸ ਦੀ ਲਿਖਤੀ ਸ਼ਿਕਾਇਤ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਕੋਲ ਕੀਤੀ ਹੈ।
ਲੋਕਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਜੀਓ ਦਾ ਮੋਬਾਈਲ ਨੰਬਰ ਪੋਰਟ ਕਰਨ ਲਈ 1900 ’ਤੇ ਮੈਸੇਜ ਕਰਦੇ ਹਨ ਤਾਂ ਅੱਗਿਓਂ ਮੈਸੇਜ ਫੇਲ੍ਹ ਆ ਰਿਹਾ ਹੈ, ਜਦਕਿ ਪਹਿਲਾਂ ਕੰਪਨੀ ਵੱਲੋਂ ਨੰਬਰ ਪੋਰਟ ਕਰਨ ਸਬੰਧੀ ਕੋਡ ਭੇਜਿਆ ਜਾਂਦਾ ਸੀ। ਲੋਕਾਂ ਨੇ ਜਦੋਂ ਇਸ ਬਾਰੇ ਟੈਲੀਕਾਮ ਕੰਪਨੀ ਨੂੰ ਸ਼ਿਕਾਇਤ ਕੀਤੀ ਤਾਂ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੀ ਤਕਨੀਕੀ ਪ੍ਰੇਸ਼ਾਨੀ ਆ ਰਹੀ ਹੈ, ਉਹ ਇਸ ਵਿੱਚ ਕੁਝ ਨਹੀਂ ਕਰ ਸਕਦੇ।
ਕਿਸਾਨਾਂ ਵਲੋਂ ਅੰਦੋਲਨ ਕੀਤੇ ਜਾਣ ਤੋਂ ਬਾਅਦ ਲੋਕ ਵੱਡੀ ਗਿਣਤੀ ‘ਚ ਜੀਓ ਕੰਪਨੀ ਛੱਡ ਰਹੇ ਹਨ। ਪਰ ਪਤਾ ਨਹੀਂ ਕਿਉਂ ਨਹੀਂ ਉਨ੍ਹਾਂ ਦੇ ਨੰਬਰ ਪੋਰਟ ਹੋ ਰਹੇ, ਕੀ ਇਹ ਸੱਚ ‘ਚ ਹੀ ਤਕਨੀਕੀ ਖਰਾਬੀ ਹੈ ਜਾਂ ਫਿਰ ਕੰਪਨੀ ਹੀ ਅਜਿਹਾ ਕੁੱਝ ਕਰ ਰਹੀ ਹੈ।