- ਮਿਲੀ ਸੀ PR, ਜਲਦੀ ਹੀ ਵਾਪਸ ਆਉਣਾ ਸੀ ਪਿੰਡ
- ਪਟਿਆਲਾ ਦੇ ਪਿੰਡ ਨਨਾਣਸੂ ਦਾ ਰਹਿਣ ਵਾਲਾ ਸੀ ਗੁਰਪ੍ਰੀਤ ਸਿੰਘ
ਪਟਿਆਲਾ, 19 ਜੂਨ 2024 – ਢਾਈ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਮੋਨਕਟਨ ਐਨਬੀ ਸਟੇਟ ਵਿੱਚ ਪੜ੍ਹਨ ਲਈ ਗਏ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ 24 ਸਾਲਾ ਗੁਰਪ੍ਰੀਤ ਪਟਿਆਲਾ ਜ਼ਿਲ੍ਹੇ ਦੇ ਬਲਬੇੜਾ ਕਸਬੇ ਨੇੜੇ ਇਕ ਛੋਟੇ ਜਿਹੇ ਪਿੰਡ ਨਨਾਣਸੂ ਦਾ ਰਹਿਣ ਵਾਲਾ ਸੀ। ਉਸ ਦੀ ਮ੍ਰਿਤਕ ਦੇਹ ਪੁੱਜਣ ਤੋਂ ਬਾਅਦ ਬੀਤੇ ਦਿਨ ਪਿੰਡ ਵਿੱਚ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੁਝ ਦਿਨਾਂ ਬਾਅਦ ਘਰ ਪਰਤਣ ਵਾਲਾ ਸੀ। ਪਰ ਇਸ ਤੋਂ ਪਹਿਲਾਂ ਕਿ ਉਹ ਵਾਪਸ ਪਰਤਦਾ, ਉਸਦੀ ਮੌਤ ਦੀ ਖਬਰ ਪਰਿਵਾਰ ਤੱਕ ਪਹੁੰਚ ਗਈ ਅਤੇ ਪਰਿਵਾਰ ਸਦਮੇ ਵਿੱਚ ਹੈ। ਗੁਰਪ੍ਰੀਤ ਦਾ ਪਿਤਾ ਏਜੰਟ ਰਜਿੰਦਰ ਸਿੰਘ ਹੈ। ਜੋ ਇਲਾਕੇ ਦੇ ਇੱਕ ਅਮੀਰ ਪਰਿਵਾਰ ਵਿੱਚੋਂ ਆਉਂਦਾ ਹੈ। ਉਸ ਨੇ ਢਾਈ ਸਾਲ ਪਹਿਲਾਂ ਆਪਣੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਪੜ੍ਹਨ ਲਈ ਭੇਜਿਆ ਸੀ।
ਗੁਰਪ੍ਰੀਤ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਵਿੱਚ ਪੀ.ਆਰ. ਲਈ ਸੀ, ਜਿਸ ਤੋਂ ਬਾਅਦ ਉਸ ਨੇ ਦੋਸਤਾਂ ਨਾਲ ਪਾਰਟੀ ਕਰਨ ਦਾ ਫੈਸਲਾ ਕੀਤਾ। ਪੀਆਰ ਦਾ ਜਸ਼ਨ ਮਨਾਉਣ ਲਈ ਗੁਰਪ੍ਰੀਤ ਅਤੇ ਉਸਦੇ ਦੋਸਤ ਇਕੱਠੇ ਪਹਾੜੀ ਇਲਾਕੇ ਵਿੱਚ ਗਏ ਹੋਏ ਸਨ ਕਿ ਝਰਨੇ ਵਿੱਚ ਨਹਾਉਂਦੇ ਸਮੇਂ ਹਾਦਸਾ ਵਾਪਰ ਗਿਆ। ਜਿਸ ‘ਚ ਗੁਰਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਪ੍ਰੀਤ ਦਾ 18 ਜੂਨ ਨੂੰ ਪਿੰਡ ਵਿੱਚ ਸਸਕਾਰ ਕਰ ਦਿੱਤਾ ਗਿਆ ਸੀ।