ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਦਾ ਮਾਮਲਾ: ਸ਼੍ਰੋਮਣੀ ਕਮੇਟੀ ਨੇ ਲੜਕੀ ਖਿਲਾਫ਼ ਪੁਲਿਸ ਸ਼ਿਕਾਇਤ ਕਰਵਾਈ ਦਰਜ

  • ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ਼ ਕੀਤੀ ਕਾਰਵਾਈ

ਅੰਮ੍ਰਿਤਸਰ, 22 ਜੂਨ 2024 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਵੱਲੋਂ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਜਰੀਏ ਫੈਲਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਵਿਰੁੱਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਾ ਨਿਭਾਉਣ ਕਰਕੇ ਪ੍ਰਕਰਮਾ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ।

ਸ਼੍ਰੋਮਣੀ ਕਮੇਟੀ ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ, ਪਰੰਤੂ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੱਕ ਲੜਕੀ ਵੱਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਅਤੇ ਮਰਯਾਦਾ ਨੂੰ ਠੇਸ ਪੁੱਜੀ ਹੈ, ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸਮੁੱਚੇ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦੁਨੀਆ ਦੇ ਹਰ ਧਰਮ ਤੇ ਵਰਗ ਨਾਲ ਸਬੰਧਤ ਸ਼ਰਧਾਲੂ ਇੱਥੇ ਸ਼ਰਧਾ ਨਾਲ ਨਤਮਸਤਕ ਹੋਣ ਲਈ ਪੁੱਜਦੇ ਹਨ, ਜਿਸ ਨੂੰ ਵੇਖਦਿਆਂ ਇੱਥੋਂ ਦੀ ਮਰਯਾਦਾ ਦਾ ਜ਼ਰੂਰ ਖਿਆਲ ਰੱਖਿਆ ਜਾਵੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਫੈਲਾਈ ਸੀ। ਇਸ ਦੀ ਸੀਸੀਟੀ ਕੈਮਰਿਆਂ ਦੁਆਰਾ ਤਸਦੀਕ ਕਰਨ ’ਤੇ ਸਾਹਮਣੇ ਆਇਆ ਕਿ ਕੇਵਲ 5 ਸਕਿੰਟ ਦੇ ਕਰੀਬ ਇਸ ਹਰਕਤ ਨੂੰ ਲੜਕੀ ਵੱਲੋਂ ਅੰਜਾਮ ਦਿੱਤਾ ਗਿਆ, ਜਿਸ ਨੂੰ ਲੈ ਕੇ ਅਣਗਹਿਲੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਆਰਜ਼ੀ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਉਸ ਦੀ ਤਬਦੀਲੀ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ। ਉਨ੍ਹਾਂ ਕਿਹਾ ਲੜਕੀ ਦੀ ਹਰਕਤ ਨਾਲ ਸਿੱਖ ਮਰਯਾਦਾ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਜਿਸ ਕਰਕੇ ਲੜਕੀ ਵਿਰੁੱਧ ਪੁਲਿਸ਼ ਸ਼ਿਕਾਇਤ ਕੀਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

PSPCL ਨੇ 19 ਜੂਨ ਨੂੰ 16,078 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ: ਈ.ਟੀ.ਓ.

ਜ਼ਮੀਨ ਦਾ ਇੰਤਕਾਲ ਕਰਨ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ