ਮੋਗਾ, 23 ਜੂਨ 2024 – ਮੋਗਾ ਜ਼ਿਲ੍ਹੇ ਦੇ ਪਿੰਡ ਬਹੋਨਾ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਪਿੰਡ ਨੇੜੇ ਖੇਤਾਂ ‘ਚ ਪਈ ਮਿਲੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਸਿਵਲ ਹਸਪਤਾਲ ‘ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਵਰਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਬਹੋਨਾ ਦੇ ਚਾਚਾ ਗੁਰਨਾਮ ਸਿੰਘ ਗਾਮਾ ਨੇ ਦੱਸਿਆ ਕਿ ਉਸ ਦਾ ਭਤੀਜਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਆਪਣੇ ਪਿਤਾ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।
ਗੁਰਨਾਮ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪਿੰਡ ਦੇ ਸਰਪੰਚ ਦਾ ਲੜਕਾ ਆਪਣੇ ਇੱਕ ਸਾਥੀ ਨਾਲ ਉਸ ਦੇ ਭਤੀਜੇ ਵਰਿੰਦਰ ਸਿੰਘ ਨੂੰ ਮੋਟਰਸਾਈਕਲ ’ਤੇ ਆਪਣੇ ਖੇਤਾਂ ਵਿੱਚ ਲੈ ਗਿਆ ਸੀ। ਜਿੱਥੇ ਉਸ ਨੇ ਜਾ ਕੇ ਆਪਣੇ ਭਤੀਜੇ ਵਰਿੰਦਰ ਸਿੰਘ ਨੂੰ ਨਸ਼ੀਲਾ ਪਦਾਰਥ ਪਿਲਾ ਦਿੱਤਾ। ਇਸ ਤੋਂ ਬਾਅਦ ਤਬੀਅਤ ਵਿਗੜਨ ਕਾਰਨ ਉਸ ਦੇ ਭਤੀਜੇ ਦੀ ਮੌਤ ਹੋ ਗਈ।
ਸੂਚਨਾ ਮਿਲਣ ‘ਤੇ ਮੈਂ ਅਤੇ ਉਸ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮਹਿਣਾ ਦੇ ਏਐਸਆਈ ਰਾਜੇਸ਼ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਵਾਰਦਾਤ ਤੋਂ ਬਾਅਦ ਨੌਜਵਾਨ ਨੂੰ ਸ਼ਰਾਬ ਪੀਣ ਲਈ ਖੇਤਾਂ ‘ਚ ਲੈ ਕੇ ਗਏ ਦੋ ਨੌਜਵਾਨ ਵਰਿੰਦਰ ਸਿੰਘ ਦੀ ਮੌਤ ਕਰਕੇ ਫਰਾਰ ਹੋ ਗਏ।