- ਕੀ ਭਾਰਤ ਲਵੇਗਾ 2022 ਦੀ ਹਾਰ ਦਾ ਬਦਲਾ ?
- ਇੰਗਲੈਂਡ ਨੇ ਤੋੜਿਆ ਸੀ ਚੈਂਪੀਅਨ ਬਣਨ ਦਾ ਸੁਪਨਾ
- ਅੱਜ ਫਿਰ ਸੈਮੀਫਾਈਨਲ ‘ਚ ਆਹਮੋ-ਸਾਹਮਣੇ
ਨਵੀਂ ਦਿੱਲੀ, 27 ਜੂਨ 2024 – ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਅੱਜ ਟੀਮ ਇੰਡੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਗੁਆਨਾ ਵਿੱਚ ਮੈਚ ਵਾਲੇ ਦਿਨ ਮੀਂਹ ਦੀ 70% ਸੰਭਾਵਨਾ ਹੈ ਅਤੇ ਕੋਈ ਰਿਜ਼ਰਵ ਡੇ ਨਹੀਂ ਹੈ। ਜੇਕਰ ਮੈਚ ਨਹੀਂ ਹੁੰਦਾ ਹੈ ਤਾਂ ਭਾਰਤੀ ਟੀਮ ਫਾਈਨਲ ‘ਚ ਪਹੁੰਚ ਜਾਵੇਗੀ ਕਿਉਂਕਿ ਉਹ ਸੁਪਰ-8 ਦੌਰ ‘ਚ ਗਰੁੱਪ ਟਾਪਰ ਰਹੀ ਸੀ। ਇੰਗਲੈਂਡ ਦੀ ਟੀਮ ਆਪਣੇ ਗਰੁੱਪ ‘ਚ ਦੂਜੇ ਨੰਬਰ ‘ਤੇ ਸੀ, ਇਸ ਲਈ ਉਸ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਹਾਲਾਂਕਿ ਭਾਰਤ ਦੇ ਸੈਮੀਫਾਈਨਲ ਲਈ ਰਿਜ਼ਰਵ ਡੇਅ ਨਹੀਂ ਹੋ ਸਕਦਾ ਪਰ ਮੈਚ ਲਈ 250 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਇਸ ਲਈ ਜੇਕਰ ਬਾਰਿਸ਼ ਸਮੇਂ-ਸਮੇਂ ‘ਤੇ ਰੁਕਦੀ ਰਹੀ ਤਾਂ ਮੈਚ ਕਿਸੇ ਤਰ੍ਹਾਂ ਪੂਰਾ ਹੋ ਸਕਦਾ ਹੈ। ਭਾਰਤ-ਇੰਗਲੈਂਡ ਦਾ ਮੈਚ ਗੁਆਨਾ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਜੇਕਰ ਅਸੀਂ 4:30 ਘੰਟੇ ਦਾ ਵਾਧੂ ਸਮਾਂ ਵੀ ਜੋੜ ਦੇਈਏ ਤਾਂ ਮੈਚ ਪੂਰਾ ਕਰਨ ਲਈ ਸ਼ਾਮ 6 ਤੋਂ 7 ਵਜੇ ਤੱਕ ਦਾ ਸਮਾਂ ਹੋਵੇਗਾ।
ਜੇਕਰ ਟੀ-20 ਮੈਚ ਵਿੱਚ ਬਾਰਿਸ਼ ਸ਼ੁਰੂ ਹੋ ਜਾਂਦੀ ਹੈ, ਤਾਂ DLS ਵਿਧੀ ਦੀ ਵਰਤੋਂ ਕਰਕੇ ਨਤੀਜਾ ਪ੍ਰਾਪਤ ਕਰਨ ਲਈ, ਦੋਵਾਂ ਪਾਰੀਆਂ ਵਿੱਚ ਘੱਟੋ-ਘੱਟ 5 ਓਵਰ ਖੇਡਣੇ ਜ਼ਰੂਰੀ ਹਨ। ਪਰ ਆਈਸੀਸੀ ਦੇ ਨਿਯਮਾਂ ਦੇ ਅਨੁਸਾਰ, ਸੈਮੀਫਾਈਨਲ ਅਤੇ ਫਾਈਨਲ ਵਿੱਚ ਡੀਐਲਐਸ ਵਿਧੀ ਲਈ, ਘੱਟੋ ਘੱਟ 10-10 ਓਵਰਾਂ ਦੀ ਖੇਡ ਹੋਣੀ ਜ਼ਰੂਰੀ ਹੈ।
ਯਾਨੀ ਅੱਜ ਦੇ ਕਿਸੇ ਵੀ ਸੈਮੀਫਾਈਨਲ ‘ਚ ਜੇਕਰ ਮੀਂਹ ਪੈਂਦਾ ਹੈ ਤਾਂ ਨਤੀਜਾ ਹਾਸਲ ਕਰਨ ਲਈ 10-10 ਓਵਰਾਂ ਦੀ ਖੇਡ ਜ਼ਰੂਰੀ ਹੈ। ਕਿਸੇ ਨੂੰ ਇੱਕ ਪਾਰੀ ਵਿੱਚ 10 ਓਵਰ ਕਰਨ ਲਈ 45 ਤੋਂ 55 ਮਿੰਟ ਦਾ ਸਮਾਂ ਮਿਲਦਾ ਹੈ। 10-10 ਓਵਰਾਂ ਦਾ ਮੈਚ ਡੇਢ ਤੋਂ ਦੋ ਘੰਟੇ ਵਿੱਚ ਪੂਰਾ ਹੋ ਸਕਦਾ ਹੈ।
ਪਰ ਜੇ ਅਸੀਂ ਗੱਲ ਕਰੀਏ 2022 ਦੀ ਤਾਂ ਇੰਗਲੈਂਡ ਨੇ ਭਾਰਤ ਦਾ ਚੈਂਪੀਅਨ ਬਣਨ ਦਾ ਸੁਪਨਾ ਤੋੜਿਆ ਸੀ। 2022 ਟੀ-20 ਵਿਸ਼ਵ ਕੱਪ ‘ਚ ਸੈਮੀਫਾਈਨਲ ਭਾਰਤ ਅਤੇ ਇੰਗਲੈਂਡ ਆਹਮੋ-ਸਾਹਮਣੇ ਸੀ। ਵਿਰਾਟ ਦੇ ਫਿਫਟੀ ਅਤੇ ਹਾਰਦਿਕ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਇੰਡੀਆ 168 ਦੌੜਾਂ ਤੱਕ ਪਹੁੰਚ ਗਈ ਸੀ। ਰੋਹਿਤ ਸ਼ਰਮਾ ਨੇ 6-6 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ, ਪਰ ਇੰਗਲਿਸ਼ ਕਪਤਾਨ ਜੋਸ ਬਟਲਰ (80) ਅਤੇ ਐਲੇਕਸ ਹੇਲਸ (86) ਦੀ ਤੂਫਾਨੀ ਬੱਲੇਬਾਜ਼ੀ ਅੱਗੇ ਕੋਈ ਨਹੀਂ ਟਿਕ ਸਕਿਆ। ਇੰਗਲੈਂਡ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ ਅਤੇ ਟੀਮ ਇੰਡੀਆ ਦਾ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ ਸੀ।
ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਅੱਜ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਭਾਰਤੀ ਟੀਮ ਟੀ-20 ਵਿਸ਼ਵ ਕੱਪ ਵਿੱਚ ਅਜਿੱਤ ਹੈ। ਟੀਮ ਨੇ ਪਾਕਿਸਤਾਨ ਅਤੇ ਆਸਟ੍ਰੇਲੀਆ ਨੂੰ ਹਰਾਇਆ ਹੈ। ਗੇਂਦਬਾਜ਼ ਬੱਲੇਬਾਜ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
ਦੂਜੇ ਪਾਸੇ ਬਟਲਰ ਦੀ ਟੀਮ ਨੇ ਅਮਰੀਕਾ ਦੇ ਸਾਹਮਣੇ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 9.4 ਓਵਰਾਂ ਵਿੱਚ ਹੀ ਜਿੱਤ ਦਰਜ ਕਰ ਲਈ। ਓਮਾਨ ਦੇ ਸਾਹਮਣੇ 47 ਦੌੜਾਂ ਦੇ ਟੀਚੇ ਦਾ ਪਿੱਛਾ 19 ਗੇਂਦਾਂ ‘ਚ ਕਰ ਲਿਆ ਗਿਆ। ਟੀਮ ਦਾ ਬੱਲਾ ਬੋਲ ਰਿਹਾ ਹੈ।