ਪਠਾਨਕੋਟ, 27 ਜੂਨ 2024 – ਪਠਾਨਕੋਟ ਵਿੱਚ ਬੀਤੀ ਰਾਤ ਆਏ ਤੇਜ਼ ਹਨੇਰੀ ਅਤੇ ਮੀਂਹ ਨੇ 6 ਦੋਸਤਾਂ ਦੀ ਜਾਨ ਲੈ ਲਈ। ਪਠਾਨਕੋਟ ਦੇ ਧੀਰਾ ਪੁਲ ‘ਤੇ ਦਰਦਨਾਕ ਹਾਦਸਾ ਵਾਪਰਿਆ, ਜਿਸ ‘ਚ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ। ਸਾਰੇ ਦੋਸਤ ਕਾਰ ਵਿੱਚ ਸਵਾਰ ਸਨ ਅਤੇ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਆ ਰਹੇ ਸਨ।
ਜਾਣਕਾਰੀ ਮੁਤਾਬਕ 6 ਦੋਸਤ ਜਨਮ ਦਿਨ ਦੀ ਪਾਰਟੀ ਮਨਾ ਕੇ ਘਰ ਪਰਤ ਰਹੇ ਸਨ ਅਤੇ ਕਾਰ ‘ਚ ਸਫਰ ਕਰ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਧੀਰਾ ਪੁਲ ‘ਤੇ ਪਹੁੰਚੀ ਤਾਂ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਕਾਰ ਦੇ ਨਹਿਰ ਵਿੱਚ ਡਿੱਗਣ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਕਾਰ ’ਚ ਸਵਾਰ ਵਿਅਕਤੀਆਂ ਨੂੰ ਬਾਹਰ ਕੱਢਿਆ। ਇਸ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖਮੀ ਹੋ ਗਏ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਦੇ ਪਰਿਵਾਰਕ ਦੋਸਤ ਦੀਪਕ ਕੁਮਾਰ ਵਾਸੀ ਗੁਰਦੁਆਰਾ ਪਲਟਾ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 2:15 ਵਜੇ ਫੋਨ ਆਇਆ ਸੀ ਕਿ ਸਾਡੀ ਕਾਰ ਨਹਿਰ ‘ਚ ਡਿੱਗ ਗਈ ਹੈ। ਜਿਸ ਤੋਂ ਬਾਅਦ ਦੀਪਕ ਮੌਕੇ ‘ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਕਾਰ ਕਾਫੀ ਡੂੰਘੀ ਡਿੱਗ ਗਈ ਸੀ, ਜਿਸ ਕਾਰਨ ਕਾਰ ਨੂੰ ਬਾਹਰ ਕੱਢਣ ‘ਚ ਕਾਫੀ ਸਮਾਂ ਲੱਗ ਗਿਆ। ਕਾਰ ‘ਚ ਸਵਾਰ 4 ਲੋਕ ਪਹਿਲਾਂ ਹੀ ਕਾਰ ‘ਚੋਂ ਬਾਹਰ ਨਿਕਲ ਚੁੱਕੇ ਸਨ ਪਰ ਜਦੋਂ ਅਸੀਂ ਹੋਰ ਲੋਕਾਂ ਦੀ ਮਦਦ ਨਾਲ 2 ਨੂੰ ਬਾਹਰ ਕੱਢਿਆ ਤਾਂ ਦੋਹਾਂ ਦੀ ਮੌਤ ਹੋ ਚੁੱਕੀ ਸੀ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਦਾ 3-4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।