ਨਵੇਂ ਸਾਲ ਦੇ ਮੌਕੇ ਕਿਸਾਨਾਂ ਦੀ ਪੁੱਗਤ ਸਥਾਪਤੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਨਵੀਂ ਦਿੱਲੀ ,2 ਜਨਵਰੀ 2021 – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਵੇਂ ਸਾਲ ਦੇ ਮੌਕੇ ਟਿੱਕਰੀ ਬਾਰਡਰ ‘ਤੇ ਜੁੜੇ ਵਿਸ਼ਾਲ ਇਕੱਠ ਦੌਰਾਨ ਕਿਸਾਨਾਂ ਮਜ਼ਦੂਰਾਂ ਦੀ ਖੁਸ਼ਹਾਲੀ ਤੇ ਪੁੱਗਤ ਸਥਾਪਤੀ ਲਈ ਤਬਕਾਤੀ ਵਲਗਣਾਂ ਤੋਂ ਪਾਰ ਜਾ ਕੇ ਵਿਸ਼ਾਲ ਤੇ ਮਜ਼ਬੂਤ ਕਿਸਾਨ ਲਹਿਰ ਦੀ ਉਸਾਰੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਪਣੇ ਸੰਬੋਧਨ ਦੌਰਾਨ ਸ਼ਾਹਜਪੁਰ ਬਾਰਡਰ ਉੱਤੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਕਿ ਭਾਜਪਾ ਹਕੂਮਤ ਦਾ ਜ਼ਬਰ ਕਿਸਾਨਾਂ ਦੇ ਰੋਹ ਨੂੰ ਡੱਕਣ ਦੀ ਥਾਂ ਹੋਰ ਵਧਾਉਣ ਦਾ ਹੀ ਸਾਧਨ ਬਣੇਗਾ।
ਉਹਨਾਂ ਐਲਾਨ ਕੀਤਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਦੇ ਲਈ ਕੱਲ 2 ਜਨਵਰੀ ਨੂੰ ਇੱਕ ਹਜ਼ਾਰ ਟਰੈਕਟਰਾਂ ਉਤੇ ਹਜ਼ਾਰਾਂ ਕਿਸਾਨਾਂ ਵੱਲੋਂ ਹੱਥਾਂ ਵਿੱਚ ਕਿਸਾਨ ਲਹਿਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਹੱਥਾਂ ‘ਚ ਲੈਕੇ ਹਰਿਆਣਾ ਦੇ ਪਿੰਡਾਂ ‘ਚ ਮਾਰਚ ਕੀਤਾ ਜਾਵੇਗਾ ਜ਼ੋ 4 ਜਨਵਰੀ ਨੂੰ ਸਾਹਜਪੁਰ ਬਾਰਡਰ ‘ਤੇ ਡਟੇ ਰਾਜਸਥਾਨ ਦੇ ਕਿਸਾਨਾਂ ਦੇ ਮੋਰਚੇ ‘ਚ ਸ਼ਾਮਲ ਹੋਵੇਗਾ। ਉਹਨਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਸੰਘਰਸ਼ ਦਾ ਅਧਾਰ ਬਣੇ ਮੁੱਖ ਕਾਨੂੰਨਾਂ ਨੂੰ ਰੱਦ ਕਰਨ ਲਈ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ ਇਸ ਲਈ ਪੰਜੇ ਕਾਨੂੰਨਾਂ ਦੀ ਵਾਪਸੀ ਅਤੇ ਸਾਰੇ ਮੁਲਕ ‘ਚ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਸਰਕਾਰੀ ਖਰੀਦ ਦੀ ਕਾਨੂੰਨੀ ਗਰੰਟੀ ਕਰਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਲਾਗੂ ਕਰਵਾਉਣ ਲਈ ਘੋਲ਼ ਜ਼ਾਰੀ ਰੱਖਿਆ ਜਾਵੇਗਾ।
ਉਹਨਾਂ ਆਖਿਆ ਕਿ ਬੀਤੇ ਵਰ੍ਹੇ ‘ਚ ਭਾਜਪਾ ਹਕੂਮਤ ਵੱਲੋਂ ਨਾਗਰਿਕਤਾ ਹੱਕਾਂ ‘ਤੇ ਹੱਲਾ ਬੋਲਣ, ਕਰੋਨਾ ਦੀ ਆੜ ਹੇਠ ਕਿਰਤ ਕਾਨੂੰਨਾਂ ਦਾ ਘਾਣ ਕਰਨ ਅਤੇ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਰੀ ਕਰਨਗੇ ਵਰਗੇ ਗੰਭੀਰ ਹਮਲਿਆਂ ਰਾਹੀ ਕਿਸਾਨਾਂ ਤੇ ਲੋਕਾਂ ਦੀ ਲਹਿਰ ਦੀ ਜ਼ੋ ਪਰਖ਼ ਕੀਤੀ ਸੀ ਉਹ ਉਸ ‘ਚ ਸਾਬਤ ਕਦਮੀਂ ਨਿਭੇ ਹਨ। ਉਹਨਾਂ ਆਖਿਆ ਕਿ ਮੌਜੂਦਾ ਕਿਸਾਨ ਘੋਲ਼ ਦੀਆਂ ਅਨੇਕਾਂ ਪ੍ਰਾਪਤੀਆਂ ਦੇ ਬਾਵਜੂਦ ਕਾਨੂੰਨਾਂ ਦੀ ਮੁਕੰਮਲ ਵਾਪਸੀ ਲਈ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ ਲਾਮਬੰਦੀ ਹੋਰ ਵਧਾਉਣ , ਖੇਤ ਮਜ਼ਦੂਰਾਂ ਦੀ ਇਸ ਘੋਲ ‘ਚ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਹੋਰਨਾਂ ਕਾਰੋਬਾਰੀਆਂ ਸਮੇਤ ਸ਼ਹਿਰੀ ਲੋਕਾਂ ਦੀ ਹਮਾਇਤ ਨੂੰ ਵਿਸ਼ਾਲ ਤੇ ਸਥਾਈ ਬਨਾਉਣ ਦੀ ਲੋੜ ਹੈ। ਉਹਨਾਂ ਕਿਸਾਨ ਕਾਰਕੁੰਨਾ ਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਘੋਲ਼ ਦੀਆਂ ਉਪਰੋਕਤ ਲੋੜਾਂ ਦੀ ਪੂਰਤੀ ਲਈ ਚੇਤਨ ਅਤੇ ਜ਼ੋਰਦਾਰ ਹੰਭਲਾ ਮਾਰਨ ਲਈ ਅੱਗੇ ਆਉਣ। ਉਹਨਾਂ ਆਸ ਪ੍ਰਗਟਾਈ ਕਿ ਹੁਣ ਤੱਕ ਸੰਘਰਸ਼ ਨੂੰ ਅੱਗੇ ਵਧਾਉਣ ਲਈ ਜਿਵੇਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਨੇ ਮਹੀਨਿਆਂ ਬੱਧੀ ਪੈਦਾ ਹੋਈਆਂ ਲੋੜਾਂ ਦੀ ਪੂਰਤੀ ਲਈ ਸਮਰਪਿਤ ਭਾਵਨਾ ਨਾਲ ਜੂਝਕੇ ਘੋਲ਼ ਨੂੰ ਸਿਖਰਾਂ ‘ਤੇ ਪੁਚਾਇਆ ਹੈ ਉਹ ਬਾਕੀ ਲੋੜਾਂ ਨੂੰ ਸਰ ਕਰਨ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਹਰਿਆਣਾ ਦੇ ਕਿਸਾਨ ਆਗੂ ਨਰੇਸ਼ ਰਾਠੀ ਨੇ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦਾ ਭਰਵਾਂ ਸਵਾਗਤ ਕਰਦਿਆਂ ਹਰਿਆਣਵੀ ਕਿਸਾਨਾਂ ਤੇ ਲੋਕਾਂ ਵੱਲੋਂ ਡਟਕੇ ਸਾਥ ਦੇਣ ਦਾ ਭਰੋਸਾ ਦਿੱਤਾ। ਅੱਜ ਦੇ ਇਸ ਵਿਸ਼ਾਲ ਇਕੱਠ ਨੂੰ ਸੂਬਾਈ ਆਗੂ ਜਨਕ ਸਿੰਘ ਭੁਟਾਲ, ਹਰਜਿੰਦਰ ਸਿੰਘ ਬੱਗੀ,ਹਰਮੀਤ ਕੌਰ ਤੇ ਮਨਜੀਤ ਕੌਰ ਮੱਦੋਕੇ, ਬਲੌਰ ਸਿੰਘ ਛੰਨਾ ਤੇ ਗੁਰਦੇਵ ਸਿੰਘ ਗੱਜੂਮਾਜਰਾ ਤੋਂ ਇਲਾਵਾ ਸੁਰਿੰਦਰ ਸਿੰਘ ਯੂ ਐਸ ਏ ਨੇ ਵੀ ਸੰਬੋਧਨ ਕੀਤਾ।