ਰਾਜਕੋਟ, 29 ਜੂਨ 2024 – ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਤੋਂ ਬਾਅਦ ਸ਼ਨੀਵਾਰ ਨੂੰ ਗੁਜਰਾਤ ਦੇ ਰਾਜਕੋਟ ਹਵਾਈ ਅੱਡੇ ਦੀ ਛੱਤ ਡਿੱਗ ਗਈ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਿਛਲੇ ਤਿੰਨ ਦਿਨਾਂ ‘ਚ ਹਵਾਈ ਅੱਡੇ ‘ਤੇ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਟਰਮੀਨਲ ਦੇ ਬਾਹਰ ਯਾਤਰੀ ਪਿਕਅੱਪ ਅਤੇ ਡਰਾਪ ਖੇਤਰ ‘ਚ ਛੱਤ ਡਿੱਗ ਗਈ। ਇਸ ਦਾ ਉਦਘਾਟਨ ਜੁਲਾਈ 2023 ‘ਚ ਕੀਤਾ ਗਿਆ ਸੀ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੇ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ। ਨਹੀਂ ਤਾਂ ਦਿੱਲੀ ਵਰਗਾ ਹਾਦਸਾ ਵਾਪਰ ਸਕਦਾ ਸੀ।
ਮੌਨਸੂਨ ਦੀ ਸ਼ੁਰੂਆਤ ਵਿੱਚ ਨਵੇਂ ਬਣੇ ਹਵਾਈ ਅੱਡੇ ਦੀ ਛੱਤ ਡਿੱਗਣ ਨੇ ਮਾੜੇ ਨਿਰਮਾਣ ਕਾਰਜ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਕਿਉਂਕਿ ਮਾਨਸੂਨ ਅਜੇ ਕੱਲ੍ਹ ਹੀ ਰਾਜਕੋਟ ਪਹੁੰਚਿਆ ਹੈ। ਮੌਸਮ ਵਿਭਾਗ ਨੇ ਅੱਜ ਸ਼ਹਿਰ ਵਿੱਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।ਇਸ ਹਵਾਈ ਅੱਡੇ ਦਾ ਯਾਤਰੀ ਟਰਮੀਨਲ ਇੰਨਾ ਵੱਡਾ ਹੈ ਕਿ ਇਹ ਹਰ ਘੰਟੇ 1,280 ਯਾਤਰੀਆਂ ਨੂੰ ਸੰਭਾਲ ਸਕਦਾ ਹੈ। ਹਵਾਈ ਅੱਡੇ ਵਿੱਚ ਸੋਲਰ ਪਾਵਰ ਸਿਸਟਮ, ਗ੍ਰੀਨ ਬੈਲਟ, ਰੇਨ ਵਾਟਰ ਹਾਰਵੈਸਟਿੰਗ ਵਰਗੀਆਂ ਸਹੂਲਤਾਂ ਹਨ।
ਦੱਸ ਦਈਏ ਕਿ 28 ਜੂਨ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਛੱਤ ਡਿੱਗਣ ਕਾਰਨ ਇਕ ਕੈਬ ਚਾਲਕ ਦੀ ਮੌਤ ਹੋ ਗਈ ਸੀ, ਜਦਕਿ 8 ਲੋਕ ਜ਼ਖਮੀ ਹੋ ਗਏ ਸਨ। 27 ਜੂਨ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਹਵਾਈ ਅੱਡੇ ‘ਤੇ ਕੈਨੋਪੀ ਡਿੱਗਣ ਕਾਰਨ ਇਕ ਅਧਿਕਾਰੀ ਦੀ ਕਾਰ ਨੁਕਸਾਨੀ ਗਈ ਸੀ।