- 6 ਬਾਈਕ ਸਵਾਰਾਂ ਨੇ ਚਾਕੂ ਅਤੇ ਤਲਵਾਰਾਂ ਨਾਲ ਘਰ ਦੇ ਬਾਹਰ ਹੀ ਕੀਤਾ ਹਮਲਾ
ਤਾਮਿਲਨਾਡੂ, 6 ਜੁਲਾਈ 2024 – ਤਾਮਿਲਨਾਡੂ ਬਸਪਾ ਪ੍ਰਧਾਨ ਕੇ. ਆਰਮਸਟ੍ਰਾਂਗ ਦੀ ਸ਼ੁੱਕਰਵਾਰ ਸ਼ਾਮ ਚੇਨਈ ‘ਚ ਉਨ੍ਹਾਂ ਦੇ ਘਰ ਦੇ ਬਾਹਰ ਛੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਪੁਲਸ ਮੁਤਾਬਕ ਆਰਮਸਟਰਾਂਗ ਸ਼ਾਮ ਕਰੀਬ 7 ਵਜੇ ਸੇਮਬੀਅਮ ‘ਚ ਵੇਣੂਗੋਪਾਲ ਸਟਰੀਟ ‘ਤੇ ਘਰ ਦੇ ਸਾਹਮਣੇ ਪਾਰਟੀ ਦੇ ਕੁਝ ਵਰਕਰਾਂ ਨਾਲ ਸਨ। ਇਸ ਦੌਰਾਨ ਦੋ ਬਾਈਕ ‘ਤੇ 6 ਵਿਅਕਤੀ ਆਏ ਅਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਤੋਂ ਬਾਅਦ ਆਰਮਸਟ੍ਰਾਂਗ ਦੇ ਡਿੱਗਣ ਤੋਂ ਬਾਅਦ ਹਮਲਾਵਰ ਭੱਜ ਗਏ। ਇਸ ਤੋਂ ਬਾਅਦ ਉਸ ਦੇ ਨਾਲ ਮੌਜੂਦ ਵਰਕਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਤੋਂ ਬਾਅਦ ਬਸਪਾ ਵਰਕਰਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਦਸ ਟੀਮਾਂ ਦਾ ਗਠਨ ਕਰ ਦਿੱਤਾ ਹੈ। ਰਾਤ ਕਰੀਬ 12 ਵਜੇ 8 ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਪੁਲਿਸ ਨੇ ਕਿਹਾ ਕਿ ਇਨ੍ਹਾਂ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਕਤਲ ਦੇ ਪਿੱਛੇ ਦੇ ਮਕਸਦ ਦਾ ਪਤਾ ਲੱਗ ਸਕੇਗਾ।
ਮੀਡੀਆ ਰਿਪੋਰਟਾਂ ਅਤੇ ਚੇਨਈ ਪੁਲਿਸ ਦੇ ਸੂਤਰਾਂ ਅਨੁਸਾਰ ਛੇ ਵਿੱਚੋਂ ਚਾਰ ਲੋਕਾਂ ਨੇ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦੀ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਮੁਲਜ਼ਮਾਂ ਦੀ ਭਾਲ ਲਈ ਪੁਲੀਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਹੱਤਿਆ ਦੇ ਪਿੱਛੇ ਦੋਸ਼ੀ ਦੇ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਆਰਮਸਟ੍ਰਾਂਗ ਦੀ ਬੇਰਹਿਮੀ ਨਾਲ ਹੱਤਿਆ ਇੱਕ ਨਿੰਦਣਯੋਗ ਘਟਨਾ ਹੈ। ਉਹ ਇੱਕ ਵਕੀਲ ਸੀ ਅਤੇ ਤਾਮਿਲਨਾਡੂ ਵਿੱਚ ਦਲਿਤਾਂ ਲਈ ਇੱਕ ਮਜ਼ਬੂਤ ਆਵਾਜ਼ ਸੀ। ਸੂਬਾ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਵੇ।