ਹੁਸ਼ਿਆਰਪੁਰ, 6 ਜੁਲਾਈ 2024 – ਹੁਸ਼ਿਆਰਪੁਰ ਦੇ ਮੁਹੱਲਾ ਭੀਮ ਨਗਰ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸੋਹਣੇ ਆਈ ਹੈ। ਜਾਣਕਾਰੀ ਦਿੰਦਿਆਂ ਭੀਮ ਨਗਰ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਨੇ ਆਪਣੇ ਇਕਲੌਤੇ ਪੁੱਤਰ ਆਸ਼ੂਤੋਸ਼ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ। ਉਸਨੇ ਦੱਸਿਆ ਕਿ ਉਸਦੀ ਪੜ੍ਹਾਈ ਅਗਸਤ ਵਿੱਚ ਪੂਰੀ ਹੋਣੀ ਸੀ। ਇਸੇ ਦੌਰਾਨ ਅੱਜ ਖ਼ਬਰ ਮਿਲੀ ਕਿ ਆਸ਼ੂਤੋਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਨੌਜਵਾਨ ਦੀ ਮੌਤ ਦੀ ਖਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਹੈ। ਪਿਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਆਸ਼ੂਤੋਸ਼ ਨਾਲ ਫੋਨ ‘ਤੇ ਗੱਲ ਕਰਦਾ ਸੀ, ਉਸ ਦਾ ਪੂਰਾ ਧਿਆਨ ਪੜ੍ਹਾਈ ‘ਤੇ ਸੀ। ਉਹ ਪਰਿਵਾਰ ਅਤੇ ਆਪਣੀ ਮਾਂ ਦੀ ਵੀ ਪਿੱਛੇ ਫਿਕਰ ਕਰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੜਕਾ ਬਹੁਤ ਮਿਹਨਤੀ ਸੀ। ਕਦੇ ਹਾਰ ਨਾ ਮੰਨਣ ਵਾਲਾ ਸੀ, ਕਹਿੰਦਾ ਸੀ ਪਾਪਾ ਮੈਂ ਕੁਝ ਬਣਾਂਗਾ ਤੇ ਕਨੇਡਾ ਸੈਟਲ ਹੋ ਜਾਵਾਂਗਾ ਤੇ ਤੁਹਾਨੂੰ ਉੱਥੇ ਬੁਲਾਵਾਂਗਾ।