ਮੁੰਬਈ, 9 ਜੁਲਾਈ 2024 – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਲਈ 125 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ। ਇਸ 125 ਕਰੋੜ ਰੁਪਏ ‘ਚੋਂ 15 ਖਿਡਾਰੀਆਂ ਨੂੰ 5-5 ਕਰੋੜ ਰੁਪਏ ਮਿਲਣਗੇ, ਜਿਸ ‘ਚ ਤਿੰਨ ਅਜਿਹੇ ਖਿਡਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।
ਇੰਡੀਅਨ ਐਕਸਪ੍ਰੈਸ ਮੁਤਾਬਕ ਚਾਰ ਰਿਜ਼ਰਵ ਖਿਡਾਰੀਆਂ, ਬੱਲੇਬਾਜ਼ ਰਿੰਕੂ ਸਿੰਘ ਅਤੇ ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਅਵੇਸ਼ ਖਾਨ ਅਤੇ ਖਲੀਲ ਅਹਿਮਦ ਨੂੰ ਵੀ 1-1 ਕਰੋੜ ਰੁਪਏ ਮਿਲਣਗੇ।
ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਨਾਲ, ਬਾਕੀ ਕੋਚਿੰਗ ਸਟਾਫ, ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਫੀਲਡਿੰਗ ਕੋਚ ਟੀ ਦਿਲੀਪ, ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੂੰ 2.5-2.5 ਕਰੋੜ ਰੁਪਏ ਮਿਲਣਗੇ। ਰਿਪੋਰਟ ਮੁਤਾਬਕ ਬੈਕਰੂਮ ਦੇ ਬਾਕੀ ਸਟਾਫ ਨੂੰ ਵੀ ਇਨਾਮ ਦਿੱਤਾ ਜਾਵੇਗਾ। ਤਿੰਨ ਫਿਜ਼ੀਓਥੈਰੇਪਿਸਟ, ਤਿੰਨ ਥ੍ਰੋਡਾਊਨ ਸਪੈਸ਼ਲਿਸਟ, ਦੋ ਮਸਾਜ ਥੈਰੇਪਿਸਟ ਅਤੇ ਤਾਕਤ ਅਤੇ ਕੰਡੀਸ਼ਨਿੰਗ ਕੋਚ ਨੂੰ 2-2 ਕਰੋੜ ਰੁਪਏ ਦਿੱਤੇ ਜਾਣਗੇ।
ਤਿੰਨ ਫਿਜ਼ੀਓਥੈਰੇਪਿਸਟਾਂ ਵਿੱਚ ਕਮਲੇਸ਼ ਜੈਨ, ਯੋਗੇਸ਼ ਪਰਮਾਰ ਅਤੇ ਤੁਲਸੀ ਰਾਮ ਯੁਵਰਾਜ ਸ਼ਾਮਲ ਹਨ। ਤਿੰਨ ਥ੍ਰੋਡਾਊਨ ਮਾਹਿਰ ਰਾਘਵੇਂਦਰ ਦਾਵਗੀ, ਨੁਵਾਨ ਉਦੇਨੇਕੇ ਅਤੇ ਦਯਾਨੰਦ ਗਰਾਨੀ ਹਨ। ਦੋ ਮਸਾਜ ਥੈਰੇਪਿਸਟ ਰਾਜੀਵ ਕੁਮਾਰ, ਅਰੁਣ ਕਨਾਡੇ ਅਤੇ ਸੋਹਮ ਦੇਸਾਈ ਤਾਕਤ ਅਤੇ ਕੰਡੀਸ਼ਨਿੰਗ ਕੋਚ ਹਨ।
ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਸਮੇਤ ਪੰਜ ਮੈਂਬਰਾਂ ਨੂੰ 1-1 ਕਰੋੜ ਰੁਪਏ ਦਿੱਤੇ ਜਾਣਗੇ।
ਟੀ-20 ਵਿਸ਼ਵ ਕੱਪ 2024 ਵਿੱਚ 15 ਮੈਂਬਰੀ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੇ. ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਸੰਜੂ ਸੈਮਸਨ (ਵਿਕਟਕੀਪਰ), ਮੁਹੰਮਦ ਸਿਰਾਜ।
ਰਿਜ਼ਰਵ ਖਿਡਾਰੀ: ਰਿੰਕੂ ਸਿੰਘ, ਖਲੀਲ ਅਹਿਮਦ, ਅਵੇਸ਼ ਖਾਨ, ਸ਼ੁਭਮਨ ਗਿੱਲ।
ਭਾਰਤ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ
ਟੀਮ ਇੰਡੀਆ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ 17 ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਚੈਂਪੀਅਨ ਬਣੀ ਹੈ। ਇਸ ਤੋਂ ਪਹਿਲਾਂ ਟੀਮ 2007 ਵਿੱਚ ਚੈਂਪੀਅਨ ਬਣੀ ਸੀ। ਇੰਨਾ ਹੀ ਨਹੀਂ ਭਾਰਤ ਨੇ 11 ਸਾਲ ਦਾ ਆਈਸੀਸੀ ਟਰਾਫੀ ਦਾ ਸੋਕਾ ਵੀ ਖਤਮ ਕਰ ਦਿੱਤਾ ਹੈ। ਬਾਰਬਾਡੋਸ ਵਿੱਚ ਭਾਰਤ ਨੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ।