- ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ
ਚੰਡੀਗੜ੍ਹ, 9 ਜੁਲਾਈ 2024 – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵ-ਨਿਯੁਕਤ ਚੀਫ਼ ਜਸਟਿਸ ਸ਼ੀਲ ਨਾਗੂ ਦਾ ਅੱਜ ਸਹੁੰ ਚੁੱਕ ਸਮਾਗਮ ਹੈ। ਇਹ ਪ੍ਰੋਗਰਾਮ ਪੰਜਾਬ ਰਾਜ ਭਵਨ ਵਿਖੇ ਕਰਵਾਇਆ ਜਾਵੇਗਾ। ਇਹ ਪ੍ਰੋਗਰਾਮ ਸਵੇਰੇ 10:00 ਵਜੇ ਤੋਂ ਹੋਵੇਗਾ। ਇਹ ਅਸਾਮੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਿਛਲੇ 9 ਮਹੀਨਿਆਂ ਤੋਂ ਖਾਲੀ ਪਈ ਸੀ। 13 ਅਕਤੂਬਰ, 2023 ਨੂੰ ਜਸਟਿਸ ਰਵੀ ਸ਼ੰਕਰ ਝਾਅ ਦੇ ਸੇਵਾਮੁਕਤ ਹੋਣ ਤੋਂ ਬਾਅਦ, ਪਹਿਲਾਂ ਜਸਟਿਸ ਰਿਤੂ ਬਾਹਰੀ ਅਤੇ ਫਿਰ ਜਸਟਿਸ ਜੀਐਸ ਸੰਧਾਵਾਲੀਆ ਨੂੰ ਕਾਰਜਕਾਰੀ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ।
ਜਸਟਿਸ ਨਾਗੂ ਇਸ ਸਮੇਂ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਵਧੀਕ ਜੱਜ ਵਜੋਂ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਵੀ ਮੱਧ ਪ੍ਰਦੇਸ਼ ਤੋਂ ਆ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀਆਂ ਕੁੱਲ 85 ਮਨਜ਼ੂਰ ਅਸਾਮੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇਸ ਸਾਲ ਤਿੰਨ ਹੋਰ ਜੱਜ ਸੇਵਾਮੁਕਤ ਹੋ ਰਹੇ ਹਨ। ਪਰ ਇਸ ਵੇਲੇ ਸਿਰਫ਼ 54 ਜੱਜ ਹੀ ਮੌਜੂਦ ਹਨ। ਸੁਪਰੀਮ ਕੋਰਟ ਨੇ ਕਰੀਬ 7 ਮਹੀਨੇ ਪਹਿਲਾਂ ਜਸਟਿਸ ਨਾਗੂ ਨੂੰ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਸੀ। ਪਰ ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਹੀ ਉਨ੍ਹਾਂ ਦੇ ਚੀਫ਼ ਜਸਟਿਸ ਬਣਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ।
ਚੀਫ਼ ਜਸਟਿਸ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਆਮ ਲੋਕਾਂ ਲਈ ਟਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਟਰੈਫਿਕ ਐਡਵਾਈਜ਼ਰੀ ਅਨੁਸਾਰ ਸਹੁੰ ਚੁੱਕ ਸਮਾਗਮ ਦੌਰਾਨ ਸਵੇਰੇ 9 ਵਜੇ ਤੋਂ ਦੁਪਹਿਰ 11 ਵਜੇ ਤੱਕ ਵੀ.ਵੀ.ਆਈ.ਪੀ. ਮੂਵਮੈਂਟ ਰਹੇਗੀ, ਇਸ ਕਾਰਨ ਪੰਜਾਬ ਰਾਜ ਭਵਨ ਦੇ ਸਾਹਮਣੇ ਸੜਕ ’ਤੇ ਰੂਟ ਡਾਈਵਰਤ ਕੀਤਾ ਜਾਵੇਗਾ। ਪੁਲੀਸ ਅਨੁਸਾਰ ਹੀਰਾ ਸਿੰਘ ਚੌਕ ਤੋਂ ਗੋਲਫ ਕਲੱਬ ਮੋਡ ਤੱਕ ਸੜਕ ਨੂੰ ਆਮ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ।