- ਨਹਿਰੀ ਪਾਣੀ ਦੀ ਫ਼ਸਲਾਂ ਲਈ ਵਰਤੋਂ ਬੇਹੱਦ ਲਾਹੇਵੰਦ : ਪੀ ਏ ਯੂ ਮਾਹਿਰ
ਲੁਧਿਆਣਾ, 09 ਜੁਲਾਈ, 2023: ਪੰਜਾਬ ਭੂਗੋਲਿਕ ਤੌਰ ਤੇ 82% ਭੂਮੀ ਵਿਚ ਫ਼ਸਲ ਬਿਜਾਈ ਖੇਤਰ ਅਤੇ 191.7% ਦੀ ਔਸਤਨ ਫਸਲੀ ਤੀਬਰਤਾ ਨਾਲ ਭਾਰਤ ਦੇ ਖੇਤੀਬਾੜੀ ਖੇਤਰ ਦਾ ਧੁਰਾ ਬਣਿਆ ਰਿਹਾ ਹੈ। ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਵਿਚੋਂ 1.53% ਹੋਣ ਦੇ ਬਾਵਜੂਦ ਰਾਜ ਨੇ 2022-23 ਦੌਰਾਨ ਕੇਂਦਰੀ ਪੂਲ ਵਿੱਚ 46.2% ਕਣਕ ਅਤੇ 21.4% ਚੌਲਾਂ ਦਾ ਯੋਗਦਾਨ ਪਾਇਆ ਹੈ। ਸਿੰਚਾਈ ਲਈ ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੋਵਾਂ ‘ਤੇ ਨਿਰਭਰ ਰਹਿਣ ਵਾਲੇ ਪੰਜਾਬ ਵਿੱਚ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਅਤੇ ਕਮੀ ਨੇ ਮੌਜੂਦਾ ਦੌਰ ਵਿਚ ਚਿੰਤਾ ਦੇ ਹਲਾਤ ਪੈਦਾ ਕੀਤੇ ਹਨ।
ਇਸ ਸੰਬੰਧ ਵਿਚ ਵਿਚਾਰ ਕਰਦਿਆਂ ਪੀ.ਏ.ਯੂ.ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਪਾਣੀ ਦੇ ਸਰੋਤਾਂ ਦੇ ਘਟਣ ਦੇ ਮੌਜੂਦਾ ਹਾਲਾਤ ਵੱਲ ਸੰਕੇਤ ਕਰਦੇ ਹੋਏ ਪਾਣੀ ਦੀ ਸੰਭਾਲ ਲਈ ਫੌਰਨ ਢੁਕਵੀਂ ਯੋਜਨਾਬੰਦੀ ਉੱਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਸਾਡੇ ਰਾਜ ਵਿੱਚ 99% ਖੇਤੀਯੋਗ ਰਕਬਾ ਸਿੰਚਾਈ ਅਧੀਨ ਹੈ – 28% ਨਹਿਰੀ ਪਾਣੀ ਅਤੇ 72% ਟਿਊਬਵੈੱਲਾਂ ਦੇ ਪਾਣੀ ਨਾਲ ਸਿੰਚਾਈ ਹੁੰਦੀ ਹੈ। ਹਰ ਸਾਲ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਜ਼ਮੀਨ ਵਿਚੋਂ ਕੱਢਿਆ ਜਾਂਦਾ ਹੈ ਤੇ18.94 ਬਿਲੀਅਨ ਘਣ ਮੀਟਰ ਪਾਣੀ ਦਾ ਰੀਚਾਰਜ ਹੀ ਹੁੰਦਾ ਹੈ। ਜਿਸ ਨਾਲ ਪਾਣੀ ਦੇ ਪੱਧਰ ਵਿੱਚ ਵਿਆਪਕ ਗਿਰਾਵਟ ਆਈ ਹੈ।
ਸੈਂਟਰਲ ਗਰਾਊਂਡ ਵਾਟਰ ਅਸੈਸਮੈਂਟ ਬੋਰਡ ਦੀ 2022 ਦੀ ਰਿਪੋਰਟ ਵਿੱਚ ਜਾਚੇ ਗਏ 150 ਬਲਾਕਾਂ ਵਿੱਚੋਂ 114 ਬਲਾਕਾਂ ਵਿਚ ਜ਼ਮੀਨਦੋਜ਼ ਪਾਣੀ ਦੀ ਸਥਿਤੀ ਖਤਰਨਾਕ ਹੱਦ ਤਕ ਹੇਠਾਂ ਹੈ।
ਪੀਏਯੂ ਦੇ ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਇਨ੍ਹਾਂ ਅੰਕੜਿਆਂ ਬਾਰੇ ਚਾਨਣਾ ਪਾਉਣ ਸਮੇਂ ਕਿਹਾ ਪਿਛਲੇ 60 ਸਾਲਾਂ ਵਿੱਚ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਕਾਫ਼ੀ ਵਧੀ ਹੈ, ਖਾਸ ਤੌਰ ‘ਤੇ ਕੇਂਦਰੀ ਜ਼ਿਲ੍ਹਿਆਂ ਵਿੱਚ ਪਾਣੀ ਦੀ ਦੁਰਵਰਤੋਂ ਕਾਰਨ ਗੰਭੀਰ ਕਮੀ ਹੋਈ ਹੈ। ਇਸ ਦੇ ਉਲਟ ਦੱਖਣ-ਪੱਛਮੀ ਜ਼ਿਲ੍ਹਿਆਂ ਨੂੰ ਮਾੜੇ ਪੱਧਰ ਦੇ ਜ਼ਮੀਨੀ ਪਾਣੀ ਨਾਲ ਸਿੰਚਾਈ ਸਮੇਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਸਥਿਰ ਫਸਲ ਉਤਪਾਦਨ ਲਈ ਗੰਭੀਰ ਖਤਰਾ ਹੈ।
ਪੀਏਯੂ ਦੁਆਰਾ 2020-2023 ਦੌਰਾਨ ਕੀਤੇ ਗਏ ਵਿਆਪਕ ਅਧਿਐਨ ਨੇ ਦੱਖਣ-ਪੱਛਮੀ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦੇ ਮਿਆਰ ਦਾ ਮੁਲਾਂਕਣ ਕੀਤਾ। ਵੱਖ-ਵੱਖ ਜ਼ਿਲ੍ਹਿਆਂ ਤੋਂ 2,664 ਨਮੂਨੇ ਇਕੱਠੇ ਕੀਤੇ ਗਏ। ਨਤੀਜਿਆਂ ਅਨੁਸਾਰ ਜ਼ਿਆਦਾਤਰ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚ ਉੱਚ ਖਾਰੇ ਪੱਧਰ ਦੇ ਨਾਲ, ਕੁਝ 10,000 ਮਾਈਕ੍ਰੋਸੀਮੇਂਸ/ਸੈ.ਮੀ. ਤੋਂ ਵੱਧ ਹਨ। ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਅਧਿਐਨ ਦੇ ਨਤੀਜਿਆਂ ਬਾਰੇ ਦੱਸਦਿਆਂ ਕਿਹਾ ਕਿ ਸਿਰਫ 30.5% ਨਮੂਨੇ ਸਿੰਚਾਈ ਲਈ ਯੋਗ ਪਾਏ ਗਏ, ਜਦੋਂ ਕਿ 53.1% ਮਾਮੂਲੀ ਅਤੇ 16.4% ਉੱਚ ਰਹਿੰਦ-ਖੂੰਹਦ ਸੋਡੀਅਮ ਕਾਰਬੋਨੇਟ (ਆਰਐਸਸੀ) ਅਤੇ ਇਲੈਕਟ੍ਰੀਕਲ ਕੰਡਕਟੀਵਿਟੀ (ਈਸੀ) ਕਾਰਨ ਅਯੋਗ ਸਨ। ਅਜਿਹੇ ਪਾਣੀ ਦੀ ਵਰਤੋਂ ਖਾਸ ਤੌਰ ‘ਤੇ ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਮਿੱਟੀ ਦੀ ਸਿਹਤ ਉੱਪਰ ਬੁਰਾ ਪ੍ਰਭਾਵ ਪਾਉਂਦੀ ਹੈ।
ਦੱਖਣ-ਪੱਛਮੀ ਖੇਤਰ ਵਿੱਚ, ਜਿੱਥੇ ਘੱਟ ਬਰਸਾਤ ਹੁੰਦੀ ਹੈ ਅਤੇ ਮਿੱਟੀ ਅਤੇ ਜ਼ਮੀਨੀ ਪਾਣੀ ਦਾ ਖਾਰਾਪਨ ਜ਼ਿਆਦਾ ਹੁੰਦਾ ਹੈ, ਕਿਸਾਨਾਂ ਨੂੰ ਸੋਡਿਕ ਪਾਣੀ ਦੀ ਸਿੰਚਾਈ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਨਹਿਰੀ ਅਤੇ ਜ਼ਮੀਨੀ ਪਾਣੀ ਦੀ ਰਲਾ ਕੇ ਵਰਤੋਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਦਲਵੇਂ ਸੋਡਿਕ ਅਤੇ ਨਹਿਰੀ ਪਾਣੀ ਦੀ ਸਿੰਚਾਈ ਨੇ ਫਸਲਾਂ ਦੀ ਸਥਿਰ ਪੈਦਾਵਾਰ ਦੇ ਨਾਲ ਨਾਲ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਿਆ ਹੈ।
ਡਾ ਅਜਮੇਰ ਸਿੰਘ ਢੱਟ ਨੇ ਅੱਗੇ ਦੱਸਿਆ ਕਿ ਲਗਭਗ 14,500 ਕਿਲੋਮੀਟਰ ਲੰਮੀਆਂ ਨਹਿਰਾਂ ਦੇ ਬਾਵਜੂਦ ਨਹਿਰੀ ਪਾਣੀ ਦੀ ਵਰਤੋਂ ਖਾਸ ਤੌਰ ‘ਤੇ ਕੇਂਦਰੀ ਜ਼ਿਲ੍ਹਿਆਂ ਵਿੱਚ ਘੱਟ ਹੈ ਜੋ ਚੰਗੇ ਮਿਆਰ ਵਾਲੇ ਧਰਤੀ ਹੇਠਲੇ ਪਾਣੀ ਦੇ ਨੀਵੇਂ ਪੱਧਰ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਨੇ ਨਹਿਰੀ ਪਾਣੀ ਦੀ ਪਹੁੰਚ ਵਿੱਚ ਸੁਧਾਰ ਲਈ ਠੋਸ ਉਪਰਾਲੇ ਕੀਤੇ ਹਨ, ਇੱਥੋਂ ਤੱਕ ਕਿ ਨਹਿਰੀ ਪਾਣੀ ਟੇਲਾਂ ਵਾਲੇ ਪਿੰਡਾਂ ਤੱਕ ਵੀ ਪਹੁੰਚਿਆ ਹੈ। ਹਾਲਾਂਕਿ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਮੋਗਾ ਵਰਗੇ ਜ਼ਿਲ੍ਹਿਆਂ ਵਿੱਚ ਘੱਟ ਵਰਤੋਂ ਜਾਰੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ ਵਰਤੋਂ ਵਿੱਚ ਸੌਖ ਕਾਰਨ ਧਰਤੀ ਹੇਠਲੇ ਪਾਣੀ ਨੂੰ ਤਰਜੀਹ ਦਿੰਦੇ ਹਨ, ਪਰ ਇਹ ਥੋੜ੍ਹੇ ਸਮੇਂ ਦੇ ਲਾਭ ਲੰਬੇ ਸਮੇਂ ਲਈ ਬੇਹੱਦ ਘਾਤਕ ਸਾਬਿਤ ਹੋ ਰਹੇ ਹਨ। ਨਿਰਦੇਸ਼ਕ ਖੋਜ ਨੇ ਸੁਚੇਤ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੰਭਾਲ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ।
ਨਤੀਜਨ ਪੰਜਾਬ ਦਾ ਪਾਣੀ ਸੰਕਟ ਇੱਕ ਸੰਯੁਕਤ ਪਹੁੰਚ ਦੀ ਮੰਗ ਕਰਦਾ ਹੈ, ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਵਿਚੋਂ ਹੀ ਇਹ ਹੱਲ ਦਾ ਰਾਹ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਖੇਤੀਬਾੜੀ ਭਵਿੱਖ ਸਥਿਰ ਖੇਤੀ ਤਰੀਕਿਆਂ ਉੱਪਰ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਨੂੰ ਅਨੁਕੂਲ ਬਣਾ ਕੇ ਅਤੇ ਜ਼ਮੀਨੀ ਪਾਣੀ ਨੂੰ ਸਮਝਦਾਰੀ ਨਾਲ ਵਰਤ ਕੇ ਹੀ ਅਸੀਂ ਫਸਲਾਂ ਦੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾ ਸਕਦੇ ਹਾਂ ਅਤੇ ਮਿੱਟੀ ਦੀ ਸਿਹਤ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਪੀ ਏ ਯੂ ਮਾਹਿਰਾਂ ਨੇ ਕਿਸਾਨਾਂ ਨੂੰ ਇਨ੍ਹਾਂ ਸੁਝਾਵਾਂ ਉੱਪਰ ਅਮਲ ਕਰਨ ਦਾ ਸੱਦਾ ਦਿੰਦਿਆਂ ਪੰਜਾਬ ਦੀ ਖੇਤੀ ਖੁਸ਼ਹਾਲੀ ਨੂੰ ਬਣਾਈ ਰੱਖਣ ਲਈ ਪਾਣੀ ਪ੍ਰਬੰਧਨ ਰਣਨੀਤੀ ਬਣਾਉਣ ਦਾ ਸੁਝਾਅ ਵੀ ਦਿੱਤਾ।