- BCCI ਦੁਬਈ ਜਾਂ ਸ਼੍ਰੀਲੰਕਾ ਵਿੱਚ ਮੈਚ ਕਰਵਾਉਣ ਲਈ ICC ਨੂੰ ਕਰ ਸਕਦੀ ਅਪੀਲ
ਨਵੀਂ ਦਿੱਲੀ, 11 ਜੁਲਾਈ 2024 – ਭਾਰਤੀ ਟੀਮ ਫਰਵਰੀ 2025 ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ। BCCI ਭਾਰਤ ਦੇ ਮੈਚ ਪਾਕਿਸਤਾਨ ਦੀ ਬਜਾਏ ਦੁਬਈ ਜਾਂ ਸ਼੍ਰੀਲੰਕਾ ‘ਚ ਕਰਵਾਉਣ ਲਈ ICC ਨੂੰ ਕਹੇਗਾ। ਨਿਊਜ਼ ਏਜੰਸੀ ਏਐਨਆਈ ਨੇ ਬੀਸੀਸੀਆਈ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਬੀਸੀਸੀਆਈ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਭਾਰਤ ਪਿਛਲੇ ਸਾਲ ਪਾਕਿਸਤਾਨ ‘ਚ ਹੋਈ ਏਸ਼ੀਆ ਕੱਪ ਸੀਰੀਜ਼ ‘ਚ ਖੇਡਣ ਵੀ ਨਹੀਂ ਗਿਆ ਸੀ। ਉਦੋਂ ਭਾਰਤ ਦੇ ਮੈਚ ਸ਼੍ਰੀਲੰਕਾ ਵਿੱਚ ਹੋਏ ਸਨ।
ਚੈਂਪੀਅਨਜ਼ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਦੇ ਫਾਈਨਲ ਲਈ 10 ਮਾਰਚ ਰਾਖਵਾਂ ਦਿਨ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ। ਆਈਸੀਸੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡਾਂ ਤੋਂ ਸਹਿਮਤੀ ਲੈਣ ਤੋਂ ਬਾਅਦ ਹੀ ਇਸ ਸ਼ੈਡਿਊਲ ਨੂੰ ਮਨਜ਼ੂਰੀ ਦੇਵੇਗੀ।
ਪਾਕਿਸਤਾਨ 1 ਮਾਰਚ, 2025 ਨੂੰ ਲਾਹੌਰ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਭਾਰਤ ਦਾ ਸਾਹਮਣਾ ਕਰ ਸਕਦਾ ਹੈ। ਹਾਲਾਂਕਿ, ਬੀਸੀਸੀਆਈ ਨੇ ਅਜੇ ਤੱਕ ਇਸ ਮੈਚ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਆਈਸੀਸੀ ਬੋਰਡ ਦੇ ਇਕ ਸੀਨੀਅਰ ਮੈਂਬਰ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ।
1996 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਕਿਸੇ ਵੱਡੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਪੀਸੀਬੀ ਨੇ 2008 ਵਿੱਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਅਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੇ ਕੁਝ ਮੈਚ ਪਾਕਿਸਤਾਨ ਵਿੱਚ ਕਰਵਾਏ ਗਏ ਸਨ।
ਰਿਪੋਰਟ ਮੁਤਾਬਕ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੈਂਪੀਅਨਸ ਟਰਾਫੀ 2025 ਲਈ 15 ਮੈਚਾਂ ਦਾ ਸ਼ਡਿਊਲ ਆਈਸੀਸੀ ਨੂੰ ਭੇਜ ਦਿੱਤਾ ਹੈ। ਜਿਸ ਵਿੱਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਰੱਖੇ ਗਏ ਹਨ।
ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਕਿਹਾ, “ਪੀਸੀਬੀ ਨੇ 15 ਮੈਚਾਂ ਦੀ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਖਰੜਾ ਸੌਂਪਿਆ ਹੈ। ਲਾਹੌਰ ਵਿੱਚ ਸੱਤ ਮੈਚ, ਤਿੰਨ ਕਰਾਚੀ ਵਿੱਚ ਅਤੇ ਪੰਜ ਰਾਵਲਪਿੰਡੀ ਵਿੱਚ ਹੋਣਗੇ। ਸ਼ੁਰੂਆਤੀ ਮੈਚ ਕਰਾਚੀ ਵਿੱਚ ਹੋਣਗੇ, ਜਦੋਂ ਕਿ ਦੋ ਸੈਮੀਫਾਈਨਲ ਕਰਾਚੀ ਅਤੇ ਰਾਵਲਪਿੰਡੀ ‘ਚ ਹੋਣਗੇ ਇਸ ਤੋਂ ਇਲਾਵਾ ਫਾਈਨਲ ਮੈਚ ਲਾਹੌਰ ‘ਚ ਖੇਡਿਆ ਜਾਵੇਗਾ, ਜੇਕਰ ਟੀਮ ਸੈਮੀਫਾਈਨਲ ‘ਚ ਪਹੁੰਚਦੀ ਹੈ ਤਾਂ ਇਹ ਮੈਚ ਵੀ ਲਾਹੌਰ ‘ਚ ਖੇਡਿਆ ਜਾਵੇਗਾ।
ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਗਰੁੱਪ ਬੀ ਵਿੱਚ ਆਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨਿਸਤਾਨ ਸ਼ਾਮਲ ਹਨ। ਸੁਰੱਖਿਆ ਟੀਮ ਵੱਲੋਂ ਸਥਾਨਾਂ ਅਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕਰਨ ਤੋਂ ਬਾਅਦ ਹਾਲ ਹੀ ਵਿੱਚ, ਆਈਸੀਸੀ ਈਵੈਂਟਸ ਦੇ ਮੁਖੀ ਕ੍ਰਿਸ ਟੈਟਲੀ ਨੇ ਇਸਲਾਮਾਬਾਦ ਵਿੱਚ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕੀਤੀ।
ਪਿਛਲੇ ਸਾਲ ਵੀ ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਮਿਲੀ ਸੀ। ਉਦੋਂ ਵੀ ਜਦੋਂ ਭਾਰਤ ਉੱਥੇ ਨਹੀਂ ਗਿਆ ਸੀ ਤਾਂ ਇਹ ਟੂਰਨਾਮੈਂਟ ‘ਹਾਈਬ੍ਰਿਡ ਮਾਡਲ’ ‘ਤੇ ਕਰਵਾਇਆ ਗਿਆ ਸੀ। ਭਾਰਤ ਦੇ ਖਿਲਾਫ ਮੈਚ ਸ਼੍ਰੀਲੰਕਾ ਵਿੱਚ ਹੋਏ ਸਨ। ਕੋਲੰਬੋ ਵਿੱਚ ਹੋਏ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪੀਸੀਬੀ ਨੇ ਟੂਰਨਾਮੈਂਟ ਦੇ ਸਥਾਨ ਦਾ ਖਰੜਾ ਆਈਸੀਸੀ ਨੂੰ ਸੌਂਪ ਦਿੱਤਾ ਹੈ। ਇਹ ਟੂਰਨਾਮੈਂਟ ਅਗਲੇ ਸਾਲ ਫਰਵਰੀ-ਮਾਰਚ ਵਿੱਚ ਕਰਵਾਇਆ ਜਾਣਾ ਹੈ। 1996 ਵਨਡੇ ਵਿਸ਼ਵ ਕੱਪ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੂੰ ਆਈਸੀਸੀ ਈਵੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ ਗਿਆ ਹੈ।