- ਹਾਈਵੇਅ ਉੱਤੇ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਨਦੀ ਵਿੱਚ ਡਿੱਗ ਕੇ ਵਹੀਆਂ
ਨੇਪਾਲ, 12 ਜੁਲਾਈ 2024 – ਨੇਪਾਲ ਵਿੱਚ ਭਾਰੀ ਮੀਂਹ ਦੇ ਦੌਰਾਨ, ਸ਼ੁੱਕਰਵਾਰ ਸਵੇਰੇ ਇੱਕ ਹਾਈਵੇਅ ਉੱਤੇ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਨਦੀ ਵਿੱਚ ਡਿੱਗ ਗਈਆਂ ਅਤੇ ਵਹਿ ਗਈਆਂ। ਦੋਵਾਂ ਬੱਸਾਂ ਵਿੱਚ ਬੱਸ ਡਰਾਈਵਰ ਸਮੇਤ ਕੁੱਲ 63 ਲੋਕ ਸਵਾਰ ਸਨ। ਸਾਰਿਆਂ ਦੇ ਲਾਪਤਾ ਹੋਣ ਦੀ ਸੰਭਾਵਨਾ ਹੈ। ਇਹ ਘਟਨਾ ਚਿਤਵਨ ਜ਼ਿਲ੍ਹੇ ਦੇ ਸਿਮਲਟਾਲ ਖੇਤਰ ਦੇ ਨਰਾਇਣਘਾਟ-ਮੁਗਲਿੰਗ ਰੋਡ ਸੈਕਸ਼ਨ ‘ਤੇ ਤੜਕੇ ਕਰੀਬ 3:30 ਵਜੇ ਵਾਪਰੀ।
ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਨਿਊਜ਼ ਏਜੰਸੀ ਏਐਨਆਈ ਨੂੰ ਫ਼ੋਨ ‘ਤੇ ਦੱਸਿਆ ਕਿ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਗਣਪਤੀ ਡੀਲਕਸ ਜ਼ਮੀਨ ਖਿਸਕਣ ‘ਚ ਰੁੜ੍ਹ ਗਈਆਂ। ਦੋਵੇਂ ਬੱਸਾਂ ਕਾਠਮੰਡੂ ਤੋਂ ਰੌਤਹਾਟ ਦੇ ਗੌੜ ਵੱਲ ਜਾ ਰਹੀਆਂ ਸਨ। ਇੱਕ ਬੱਸ ਵਿੱਚ 24 ਅਤੇ ਦੂਜੀ ਬੱਸ ਵਿੱਚ 41 ਲੋਕ ਸਵਾਰ ਸਨ। ਲਗਾਤਾਰ ਮੀਂਹ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਖੋਜ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਟਵਿੱਟਰ ‘ਤੇ ਕਿਹਾ, ‘ਨਾਰਾਇਣਗੜ੍ਹ-ਮੁਗਲਿਨ ਰੋਡ ਸਟੇਸ਼ਨ ‘ਤੇ ਜ਼ਮੀਨ ਖਿਸਕਣ ਤੋਂ ਬਾਅਦ ਬੱਸਾਂ ਦੇ ਰੁੜ੍ਹ ਜਾਣ ਤੋਂ ਬਾਅਦ ਲਗਭਗ ਪੰਜ ਦਰਜਨ ਯਾਤਰੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਯਾਤਰੀਆਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਨਿਰਦੇਸ਼ ਦਿੱਤੇ ਹਨ।”