ਫਾਜ਼ਿਲਕਾ, 13 ਜੁਲਾਈ 2024 – ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ‘ਤੇ ਗੋਲੀਬਾਰੀ ਦੀ ਖਬਰ ਮਿਲੀ ਹੈ, ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪਾਕਿ ਸਰਹੱਦ ‘ਤੇ ਬੀਓਪੀ ਮੁਹਾਰਸੋਨਾ ਨੇੜੇ ਪਾਕਿਸਤਾਨ ਤੋਂ ਇਕ ਡਰੋਨ ਭਾਰਤੀ ਖੇਤਰ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਗੋਲੀਬਾਰੀ ਕਰ ਦਿੱਤੀ ਅਤੇ ਹੁਣ ਇਲਾਕੇ ‘ਚ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਤੋਂ ਇੱਕ ਡਰੋਨ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨੂੰ ਇਸ ਦੀ ਭਿਣਕ ਮਿਲੀ, ਉਨ੍ਹਾਂ ਨੇ ਤੁਰੰਤ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਬੀਐਸਐਫ ਨੂੰ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨ ਦਾ ਇੱਕ ਡਰੋਨ ਮਿਲਿਆ ਹੈ। ਇਸ ਦੇ ਨਾਲ ਹੀ ਤਿੰਨ ਪਿਸਤੌਲ ਅਤੇ ਸੱਤ ਮੈਗਜ਼ੀਨ ਬਰਾਮਦ ਕੀਤੇ ਗਏ ਹਨ, ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਭਾਰਤ ਨੂੰ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਸੀ। ਬੀਐਸਐਫ ਨੇ ਇਸ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬਰਾਮਦ ਕੀਤਾ ਗਿਆ ਡਰੋਨ ਚੀਨ ਦਾ ਹੈ, ਜਦਕਿ ਦੋ ਪਿਸਤੌਲ ਚੀਨੀ ਅਤੇ ਇਕ ਪਿਸਤੌਲ ਇਟਲੀ ਦਾ ਹੈ, ਜਿਸ ਨਾਲ 7 ਮੈਗਜ਼ੀਨ ਬਰਾਮਦ ਹੋਏ ਹਨ।