ਨਵੀਂ ਦਿੱਲੀ, 14 ਜੁਲਾਈ 2024 – ਨਾਈਜੀਰੀਆ ‘ਚ ਸ਼ੁੱਕਰਵਾਰ ਸਵੇਰੇ ਦੋ ਮੰਜ਼ਿਲਾ ਸਕੂਲ ਦੇ ਢਹਿ ਜਾਣ ਕਾਰਨ 22 ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 100 ਤੋਂ ਵੱਧ ਜ਼ਖ਼ਮੀ ਹੋਏ ਹਨ। ਇਹ ਘਟਨਾ ਪਠਾਰ ਸੂਬੇ ਦੇ ਬੁਸਾ ਬੁਜੀ ਭਾਈਚਾਰੇ ਦੇ ਸੇਂਟਸ ਅਕੈਡਮੀ ਕਾਲਜ ਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ 15 ਸਾਲ ਤੋਂ ਘੱਟ ਉਮਰ ਦੇ ਹਨ।
ਪੁਲਿਸ ਬੁਲਾਰੇ ਅਲਫ੍ਰੇਡ ਅਲਾਬੋ ਨੇ ਦੱਸਿਆ ਕਿ 154 ਵਿਦਿਆਰਥੀ ਮਲਬੇ ਹੇਠਾਂ ਦੱਬ ਗਏ ਸਨ। ਇਨ੍ਹਾਂ ਵਿੱਚੋਂ 132 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਚਾਏ ਗਏ ਵਿਦਿਆਰਥੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸੂਬਾ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਨਾਈਜੀਰੀਆ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਨੇ ਫੇਸਬੁੱਕ ਪੋਸਟ ‘ਚ ਕਿਹਾ ਕਿ ਇਸ ਘਟਨਾ ‘ਚ ਜ਼ਖਮੀ 30 ਲੋਕ ਅਜੇ ਵੀ ਹਸਪਤਾਲ ‘ਚ ਦਾਖਲ ਹਨ। ਜਿਨ੍ਹਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ। ਇਸੇ ਪੋਸਟ ‘ਚ ਏਜੰਸੀ ਨੇ ਕਿਹਾ ਹੈ ਕਿ ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਉਥੇ ਮਲਬੇ ਹੇਠਾਂ ਕੋਈ ਵੀ ਨਹੀਂ ਫਸਿਆ ਹੈ। ਸੇਂਟ ਅਕੈਡਮੀ ਸਕੂਲ ਢਹਿ ਢੇਰੀ ਹੋਈ ਦੋ ਮੰਜ਼ਿਲਾ ਇਮਾਰਤ ਵਿੱਚ ਚੱਲਦਾ ਸੀ। ਉਸ ਸਮੇਂ ਉੱਥੇ ਸਕੂਲ ਦੇ ਵਿਦਿਆਰਥੀ ਪੜ੍ਹ ਰਹੇ ਸਨ। ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰ ਗਿਆ।
ਅਫਰੀਕੀ ਦੇਸ਼ਾਂ ਵਿੱਚ ਇਮਾਰਤਾਂ ਦੇ ਢਹਿ ਜਾਣ ਦੀ ਘਟਨਾ ਕੋਈ ਨਵੀਂ ਨਹੀਂ ਹੈ। ਇਸਦੇ ਪਿੱਛੇ ਕਈ ਕਾਰਨ ਹਨ, ਇੱਕ ਤਾਂ ਇਹ ਕਿ ਅਫਰੀਕੀ ਦੇਸ਼ਾਂ ਵਿੱਚ ਬਿਲਡਿੰਗ ਸਟੈਂਡਰਡ ਬਹੁਤ ਲਚਕੀਲੇ ਹਨ ਅਤੇ ਉੱਥੇ ਸੁਰੱਖਿਆ ਨੂੰ ਲੈ ਕੇ ਬਹੁਤੀ ਜਾਗਰੂਕਤਾ ਵੀ ਨਹੀਂ ਹੈ।