- ਕੁਝ ਨੌਜਵਾਨਾਂ ’ਤੇ 10-12 ਹਮਲਾਵਰਾਂ ਨੇ ਕੀਤਾ ਹਮਲਾ, 2 ਗੰਭੀਰ ਜ਼ਖ਼ਮੀ
ਸੁਲਤਾਨਪੁਰ ਲੋਧੀ 18 ਜੁਲਾਈ 2024 – ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ’ਤੇ ਇੱਕ ਪ੍ਰਾਈਵੇਟ ਹਸਪਤਾਲ ਦੇ ਸਹਾਮਣੇ ਬੀਤੇ ਦਿਨ ਦੋ ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਇਕ ਗੁੱਟ ਦੇ 10-12 ਨੌਜਵਾਨਾਂ ਵੱਲੋਂ ਦੂਜੇ ਗਰੁੱਪ ਦੇ ਦੋ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਇਸ ਘਟਨਾ ਦੌਰਾਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਦੀ ਹਾਲਾਤ ਖ਼ਤਰੇ ਤੋਂ ਬਾਹਰ ਹੈ।
ਗੰਭੀਰ ਹਾਲਤ ਵਿਚ ਜ਼ਖ਼ਮੀ ਅਭਿਰਾਜਪਾਲ ਸਿੰਘ ਪੁੱਤਰ ਗੁਰਸ਼ਰਨ ਸਿੰਘ ਪਿੰਡ ਸੂਜੋਕਾਲੀਆ ਵਸਨੀਕ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਜ਼ੇਰੇ ਇਲਾਜ ਹੈ। ਜ਼ਖ਼ਮੀ ਨੌਜਵਾਨ ਗੁਰਪ੍ਰੀਤ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਮੰਡ ਅਲੂਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿਖੇ ਆਪਣੇ ਦੋਸਤਾਂ ਨਾਲ ਕਾਲਜ ਦੀ ਪੜ੍ਹਾਈ ਕਰਕੇ ਵਾਪਸ ਆ ਰਹੇ ਸਨ ਤਾਂ ਪੈਟਰੋਲ ਪੰਪ ਨੇੜੇ ਪੁੱਜੇ ਤਾਂ ਕੁਝ ਨੌਜਵਾਨਾਂ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੋਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।