- 4 ਚੂੜੀਆਂ ਦੇ ਰੂਪ ਵਿੱਚ 24 ਕੈਰੇਟ ਸੋਨਾ ਮਿਲਾਨ ਤੋਂ ਲਿਆਇਆ ਸੀ ਯਾਤਰੀ
ਅੰਮ੍ਰਿਤਸਰ, 20 ਜੁਲਾਈ 2024 – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਕਰੀਬ 50 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਮੁਲਜ਼ਮਾਂ ਕੋਲੋਂ ਸੋਨਾ ਬਰਾਮਦ ਕਰਕੇ ਮੁਲਾਂਕਣ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਬੀਤੀ ਰਾਤ ਮਿਲਾਨ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ।
ਕਸਟਮ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਨੀਓਸ ਦੀ ਫਲਾਈਟ ਨੰਬਰ NO534 ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ ਸੀ। ਕਸਟਮ ਕਲੀਅਰੈਂਸ ਦੌਰਾਨ ਇੱਕ ਯਾਤਰੀ ਦੇ ਸਮਾਨ ਦੀ ਜਾਂਚ ਕੀਤੀ ਗਈ। ਉਸ ਦੇ ਬੈਗ ਵਿੱਚੋਂ ਸੋਨੇ ਦੀਆਂ ਚਾਰ ਚੂੜੀਆਂ ਬਰਾਮਦ ਹੋਈਆਂ। ਜਾਂਚ ਦੌਰਾਨ ਯਾਤਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਸਕਿਆ। ਜਿਸ ਤੋਂ ਬਾਅਦ ਕਸਟਮ ਨੇ ਸੋਨਾ ਜ਼ਬਤ ਕਰ ਲਿਆ ਹੈ।
ਕਸਟਮ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ 24 ਕੈਰੇਟ ਕੱਚਾ ਸੋਨਾ 4 ਚੂੜੀਆਂ ਵਿੱਚ ਬਦਲ ਕੇ ਲਿਆਂਦਾ ਗਿਆ ਸੀ। ਜਦੋਂ ਕਸਟਮ ਦੁਆਰਾ ਚੂੜੀਆਂ ਦਾ ਵਜ਼ਨ ਕੀਤਾ ਗਿਆ ਤਾਂ ਉਨ੍ਹਾਂ ਦਾ ਭਾਰ 672 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਕੀਤਾ ਗਿਆ, ਜੋ ਕਿ ਲਗਭਗ 49,92,960/- ਰੁਪਏ ਬਣਦਾ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਅਜੇ ਜਾਰੀ ਹੈ।