- ਨਵੀਆਂ ਨੌਕਰੀਆਂ ਦੇਣ ਵਾਲੀ ਸਰਕਾਰ, ਪਹਿਲਾਂ ਤੋ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਕੱਢਣ ਵੱਲ ਤੁਰੀ
- ਮਨਰੇਗਾ ਮੁਲਾਜ਼ਮਾਂ ਵੱਲੋ ਅੰਮ੍ਰਿਤਪਾਲ ਨੂੰ ਜਲਦੀ ਬਹਾਲ ਨਾ ਕਰਨ ਤੇ ਪੰਜਾਬ ਭਰ ਵਿਚ ਵਿਕਾਸ ਕਾਰਜਾਂ ਬੰਦ ਕਰਨ ਦਾ ਐਲਾਨ
ਚੰਡੀਗੜ੍ਹ 03 ਦਸੰਬਰ 2021 -ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਨੂੰ ਜਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਸਜ਼ਾ ਵਜੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।ਜਿਸਦਾ ਪੰਜਾਬ ਭਰ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਪ੍ਰੈੱਸ ਬਿਆਨ ਸੂਬਾ ਵਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ,ਪ੍ਰੈਸ ਸਕੱਤਰ ਅਮਰੀਕ ਸਿੰਘ,ਵਿੱਤ ਸਕੱਤਰ ਮਾਨਸੇ ਖਾਂ,ਜੱਥੇਬੰਧਕ ਸਕੱਤਰ ਹਰਿੰਦਰਪਾਲ ਸਿੰਘ ਜੋਸਨ, ਚੇਅਰਮੈਨ ਸੰਜੀਵ ਕਾਕੜਾ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਬੇਹੱਦ ਮਿਹਨਤੀ,ਇਮਾਨਦਾਰ ਅਤੇ ਸਾਊ ਸੁਭਾਅ ਦਾ ਮਾਲਕ ਹੈ।ਪਿਛਲੇ ਸਮੇਂ ਵਿੱਚ ਉਸਦੀ ਡਿਊਟੀ ਦੌਰਾਨ ਕੋਈ ਵੀ ਊਣਤਾਈ ਨਹੀਂ ਪਾਈ ਗਈ।ਅੰਮ੍ਰਿਤਪਾਲ ਸਿੰਘ ਯੂਨੀਅਨ ਦਾ ਮੋਹਰਲੀ ਕਤਾਰ ਦਾ ਆਗੂ ਹੋਣ ਕਰਕੇ ਜਿਲ੍ਹਾ ਪ੍ਰਸ਼ਾਸਨ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਦੇ ਖਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ।
ਪਿਛਲੇ ਦਿਨੀਂ ਜਿਲ੍ਹੇ ਵਿੱਚ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਕਾਨੂੰਨ ਅਨੁਸਾਰ ਸਲਾਨਾ ਵਾਧਾ,ਬੇਕਸੂਰ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਅਤੇ ਮ੍ਰਿਤਕ ਸਾਥੀ ਦੀ ਧਰਮ ਪਤਨੀ ਨੂੰ ਤਰਸ ਦੇ ਆਧਾਰ ਤੇ ਨਰੇਗਾ ਵਿੱਚ ਹੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ।ਜਿਸ ਕਰਕੇ ਉਹ ਜਿਲ੍ਹਾ ਸਿਵਲ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੜਕਣ ਲੱਗਾ।ਪਿਛਲੇ ਮਹੀਨੇ ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਵਿੱਚ ਸਾਮਲ ਹੋਣ ਲਈ ਸਾਥੀ ਵੱਲੋਂ ਬਿਨਾਂ ਤਨਖਾਹ ਤੋਂ ਛੁੱਟੀ ਲੈ ਲਈ ਗਈ ਸੀ।ਜਿਸ ਤੋਂ ਬਾਅਦ ਉਹ ਦਿੱਲੀ ਚਲਾ ਗਿਆ।ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਫਾਜ਼ਿਲਕਾ ਵੱਲੋਂ ਦੋ ਹਫਤਿਆਂ ਬਾਅਦ ਉਕਤ ਛੁੱਟੀ ਨਾ ਮਨਜ਼ੂਰ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਹੋਣ ਲਈ ਵਟਸਐਪ ਰਾਹੀਂ ਪੱਤਰ ਦੇਰ ਰਾਤ ਭੇਜ ਦਿੱਤਾ ਗਿਆ।
ਜਿਸਨੂੰ ਪੜ੍ਹਦਿਆਂ ਅੰਮ੍ਰਿਤਪਾਲ ਸਿੰਘ ਸਵੇਰ ਤੱਕ ਦਿੱਲੀ ਤੋਂ ਵਾਪਸ ਆ ਕੇ ਡਿਊਟੀ ਤੇ ਹਾਜ਼ਰ ਹੋ ਗਿਆ।ਜਿਸ ਤੋਂ ਕਈ ਦਿਨਾਂ ਬਾਅਦ ਅੰਮ੍ਰਿਤਪਾਲ ਸਿੰਘ ਤੇ ਡਿਊਟੀ ਤੇ ਹਾਜ਼ਰ ਨਾ ਰਹਿਣ ਦੇ ਦੋਸ਼ ਲਾ ਕੇ 31 ਦਸੰਬਰ ਤੋਂ ਸੇਵਾਵਾਂ ਖਤਮ ਕਰਨ ਦਾ ਪੱਤਰ ਰਾਤ ਨੂੰ ਸਾਢੇ ਨੌਂ ਵਜੇ ਅੰਮ੍ਰਿਤਪਾਲ ਸਿੰਘ ਨੂੰ ਭੇਜਿਆ ਗਿਆ।ਇਹ ਗੈਰਕਾਨੂੰਨੀ ਕਾਰਵਾਈ ਕਰਕੇ ਪ੍ਰਸ਼ਾਸਨ ਨੇ ਇੱਕ ਸੰਘਰਸ਼ੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅੰਮ੍ਰਿਤਪਾਲ ਸਿੰਘ ਨੂੰ ਮੁੜ ਨੌਕਰੀ ਤੇ ਬਹਾਲ ਕਰਨ ਦੀ ਮੰਗ ਪੰਜਾਬ ਭਰ ਵਿੱਚ ਜ਼ੋਰ ਨਾਲ ਉੱਠ ਰਹੀ ਹੈ।ਬੀਤੇ ਸ਼ੁੱਕਰਵਾਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਦੋਂ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮਿਲ ਕੇ ਇਸਦਾ ਕਾਰਨ ਜਾਨਣਾ ਚਾਹਿਆ ਤਾਂ ਉਹ ਕੋਈ ਵੀ ਠੋਸ ਜਵਾਬ ਨਹੀਂ ਦੇ ਸਕੇ।ਅੱਜ ਸੂਬਾ ਕਮੇਟੀ ਨੇ ਐਲਾਨ ਕੀਤਾ ਕਿ ਸੋਮਵਾਰ ਤੋਂ ਅੰਮ੍ਰਿਤਪਾਲ ਸਿੰਘ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਫਾਜ਼ਿਲਕਾ ਜਿਲ੍ਹੇ ਦੇ ਨਰੇਗਾ ਤਹਿਤ ਹੋ ਰਹੇ ਸਾਰੇ ਵਿਕਾਸ ਕਾਰਜ਼ ਅਣਮਿੱਥੇ ਸਮੇਂ ਲਈ ਬੰਦ ਕਰਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ।
ਬੁੱਧਵਾਰ ਨੂੰ ਪੰਜਾਬ ਭਰ ਵਿੱਚ ਬਲਾਕ ਪੱਧਰ ਤੇ ਕੰਮ ਬੰਦ ਕਰਕੇ ਮੁਲਾਜ਼ਮ ਇੱਕ ਦਿਨਾਂ ਧਰਨੇ ਦੇਣਗੇ।ਇਸੇ ਦਿਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਾਲਮੇਲ ਕਰਕੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਯੂਨੀਅਨ ਵੱਲੋਂ ਫਾਜ਼ਿਲਕਾ ਪ੍ਰਸ਼ਾਸ਼ਨ ਦੀ ਇਸ ਤਾਨਾਸ਼ਾਹੀ ਕਾਰਵਾਈ ਬਾਰੇ ਮੁੱਖ ਮੰਤਰੀ ਪੰਜਾਬ,ਪੰਚਾਇਤ ਮੰਤਰੀ ਅਤੇ ਕਮਿਸ਼ਨਰ ਮਗਨਰੇਗਾ ਪੰਜਾਬ ਨੂੰ ਵੀ ਲਿਖ ਦਿੱਤਾ ਗਿਆ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਧੱਕੇਸ਼ਾਹੀ ਕਿਸੇ ਹੋਰ ਮੁਲਾਜ਼ਮ ਨਾਲ ਨਾ ਹੋਵੇ।