ਬਠਿੰਡਾ,20ਜੁਲਾਈ2024: ਬਠਿੰਡਾ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ 1 ਕਿੱਲੋ 5 ਗਰਾਮ ਹੈਰੋਇਨ, 2 ਕਾਰਾਂ ਅਤੇ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐਸ ਐਸ ਪੀ ਬਠਿੰਡਾ ਦੀਪਕ ਪਾਰੀਕ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ। ਮੁਲਜਮਾਂ ਦੀ ਪਛਾਣ ਤਰਸੇਮ ਸਿੰਘ ਉਰਫ ਸੋਮਾ ਪੁੱਤਰ ਕਰਤਾਰ ਸਿੰਘ ਵਾਸੀ ਬਸਤੀ ਨੰਬਰ-2 ਬੀੜ ਤਲਾਬ ਬਠਿੰਡਾ ਹਾਲ ਅਬਾਦ ਐੱਸ.ਏ.ਐੱਸ.ਨਗਰ ਬਠਿੰਡਾ, ਕਰਨਪ੍ਰੀਤ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਤੋਂ ਇਲਾਵਾ ਗਨੇਸ਼ ਸਿੰਘ ਉਰਫ ਗੇਸ਼ੂ ਪੁੱਤਰ ਜੀਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਵਜੋਂ ਹੋਈ ਹੈ। ਗਨੇਸ਼ ਸਿੰਘ ਉਰਫ ਗੇਸ਼ੂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ ਜਦੋਂਕਿ ਬਾਕੀ ਦੋਵਾਂ ਦਾ ਇਹ ਪਹਿਲਾ ਜੁਰਮ ਹੈ।
ਗਨੇਸ਼ ਸਿੰਘ ਖਿਲਾਫ 19 ਜੁਲਾਈ ਵਾਲੇ ਮਾਮਲੇ ਤੋਂ ਪਹਿਲਾਂ ਨਸ਼ਾ ਤਸਕਰੀ ਦੇ ਫਾਜਿਲਕਾ ਜਿਲ੍ਹੇ ਦੇ ਥਾਣਾ ਅਰਨੀਵਾਲਾ ’ਚ ਇੱਕ ,ਥਾਣਾ ਵੈਰੋਕੇ ’ਚ ਦੋ ਅਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਥਾਣਾ ਸਿਟੀ ਮਲੋਟ ’ਚ ਇੱਕ ਮੁਕੱਦਮਾ ਦਰਜ ਹੈ। ਐੱਸ.ਐੱਸ.ਪੀ ਬਠਿੰਡਾ ਨੇ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਸ਼ੱਕੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਸਰਹਿੰਦ ਨਹਿਰ ਦੇ ਪੁਲ ਦੇ ਨਜ਼ਦੀਕ ਰਿੰਗ ਰੋਡ ਤੇ ਸੀ ਤਾਂ ਪੁਲਿਸ ਨੇ ਇੱਕ ਇਨੋਵਾ ਕਾਰ ਨੂੰ ਨਹਿਰ ਦੀ ਪਟੜੀ ਪਰ ਖਲੋਤੀ ਦੇਖਿਆ, ਜਿਸ ਵਿੱਚ 2 ਨੌਜਵਾਨ ਸਵਾਰ ਸਨ। ਉਨ੍ਹਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ਤੇ 2 ਨੌਜਵਾਨਾਂ ਤਰਸੇਮ ਸਿੰਘ ਉਰਫ ਸੋਮਾ ਪੁੱਤਰ ਕਰਤਾਰ ਸਿੰਘ ਅਤੇ ਕਰਨਪ੍ਰੀਤ ਸਿੰਘ ਪੁੱਤਰ ਮੰਗਤ ਸਿੰਘ ਤੋਂ 1 ਕਿੱਲੋ 5 ਗਰਾਮ ਹੈਰੋਇਨ ਬਰਾਮਦ ਹੋਈ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਕੈਨਾਲ ਕਲੋਨੀ ਪੁਲਿਸ ਨੇ 19 ਜੁਲਾਈ ਨੂੰ ਮੁਕੱਦਮਾ ਨੰਬਰ 121 ਧਾਰਾ 21ਸੀ/ 29/61/85 ਐੱਨ .ਡੀ.ਪੀ .ਐੱਸ ਐਕਟ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੇ ਦੋਵਾਂ ਤੋਂ ਪੁੱਛ-ਗਿੱਛ ਕੀਤੀ ਤਾਂ ਤਰਸੇਮ ਸਿੰਘ ਨੇ ਮੰਨਿਆ ਕਿ ਉਹ ਇਹ ਹੈਰੋਇਨ ਗਨੇਸ਼ ਸਿੰਘ ਉਰਫ ਗੇਸ਼ੂ ਪੁੱਤਰ ਜੀਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਤੋਂ ਲੈ ਕੇ ਆਏ ਹਨ ਜਿਸ ਤੋਂ ਬਾਅਦ ਗਨੇਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਤਰਸੇਮ ਸਿੰਘ ਤੋਂ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ ਹੌਂਡਾ ਸਿਟੀ ਕਾਰ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।