- ਟੀਮ ਇੰਡੀਆ ਜਿੱਤ ਦਾ ਸਿਲਸਿਲਾ ਰੱਖਣਾ ਚਾਹੇਗੀ ਬਰਕਰਾਰ
ਨਵੀਂ ਦਿੱਲੀ, 21 ਜੁਲਾਈ 2024 – ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਏਸ਼ੀਆ ਕੱਪ ਦੇ ਦੂਜੇ ਮੈਚ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਖੇਡੇਗੀ। ਭਾਰਤ ਬਨਾਮ ਸੰਯੁਕਤ ਅਰਬ ਅਮੀਰਾਤ (ਯੂਏਈ) ਮੈਚ ਦੁਪਹਿਰੇ 2:00 ਤੋਂ ਸ਼੍ਰੀਲੰਕਾ ਦੇ ਰੰਗੀਰੀ ਦਾਂਬੂਲਾ ਸਟੇਡੀਅਮ ‘ਚ ਖੇਡਿਆ ਜਾਵੇਗਾ ਅਤੇ ਟਾਸ- ਦੁਪਹਿਰ 1:30 ਵਜੇ ਹੋਵੇਗਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਭਾਰਤੀ ਟੀਮ ਨੇ ਆਖਰੀ ਵਾਰ 2022 ਏਸ਼ੀਆ ਕੱਪ ਵਿੱਚ ਯੂਏਈ ਨੂੰ 104 ਦੌੜਾਂ ਨਾਲ ਹਰਾਇਆ ਸੀ। ਉਸ ਮੈਚ ‘ਚ ਜੇਮਿਮਾ ਰੌਡਰਿਗਜ਼ ਨੇ 45 ਗੇਂਦਾਂ ‘ਤੇ 75 ਦੌੜਾਂ ਦੀ ਪਾਰੀ ਖੇਡੀ ਸੀ।
ਏਸ਼ੀਆ ਕੱਪ ‘ਚ ਭਾਰਤੀ ਮਹਿਲਾ ਟੀਮ ਦਾ ਦਬਦਬਾ ਰਿਹਾ ਹੈ। ਭਾਰਤ ਨੇ ਚਾਰ ‘ਚੋਂ ਤਿੰਨ ਵਾਰ ਏਸ਼ੀਆ ਕੱਪ ਟੀ-20 ਖਿਤਾਬ ਜਿੱਤਿਆ ਹੈ ਅਤੇ ਏਸ਼ੀਆ ਕੱਪ ਦੇ 50 ਓਵਰਾਂ ਦੇ ਫਾਰਮੈਟ ਨੂੰ ਚਾਰੋਂ ਵਾਰ ਜਿੱਤਿਆ ਹੈ। ਭਾਰਤ ਨੇ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ ‘ਚ 20 ‘ਚੋਂ 17 ਮੈਚ ਜਿੱਤੇ ਹਨ। ਟੀਮ ਨੇ 2022 ਦੇ ਫਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ।
ਇਸ ਮਹੀਨੇ ਦੀ ਸ਼ੁਰੂਆਤ ‘ਚ ਦੱਖਣੀ ਅਫਰੀਕਾ ਨਾਲ ਭਾਰਤ ਦੀ ਟੀ-20 ਸੀਰੀਜ਼ 1-1 ਨਾਲ ਡਰਾਅ ਰਹੀ ਸੀ। ਜਦਕਿ ਤਿੰਨ ਟੀ-20 ਮੈਚਾਂ ਵਿੱਚੋਂ ਦੂਜਾ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਲਈ ਸਭ ਤੋਂ ਚੰਗੀ ਗੱਲ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਦਾ ਸ਼ਾਨਦਾਰ ਫਾਰਮ ਹੈ। ਦੋਵਾਂ ਨੇ ਪਾਕਿਸਤਾਨ ਖਿਲਾਫ 85 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਸਮ੍ਰਿਤੀ ਨੇ 45 ਅਤੇ ਸ਼ੈਫਾਲੀ ਨੇ 40 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ ਦੀਪਤੀ ਸ਼ਰਮਾ ਨੇ 3 ਅਤੇ ਰੇਣੁਕਾ ਠਾਕੁਰ ਨੇ 2 ਵਿਕਟਾਂ ਹਾਸਲ ਕੀਤੀਆਂ।
ਯੂਏਈ ਆਪਣਾ ਪਹਿਲਾ ਮੈਚ ਨੇਪਾਲ ਤੋਂ 6 ਵਿਕਟਾਂ ਨਾਲ ਹਾਰ ਗਿਆ ਸੀ। ਗਰੁੱਪ ਏ ‘ਚ ਪਾਕਿਸਤਾਨ ਦਾ ਸਾਹਮਣਾ ਭਲਕੇ ਨੇਪਾਲ ਨਾਲ ਹੋਵੇਗਾ। ਦੋਵਾਂ ਗਰੁੱਪਾਂ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਖੇਡਣਗੀਆਂ। ਨੇਪਾਲ 2016 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ ਜਦਕਿ ਯੂਏਈ ਦਾ ਇਹ ਲਗਾਤਾਰ ਦੂਜਾ ਟੂਰਨਾਮੈਂਟ ਹੈ।
ਮੈਚ ਦੇ ਵੇਰਵੇ ਟੂਰਨਾਮੈਂਟ- ਮਹਿਲਾ ਏਸ਼ੀਆ ਕੱਪ ਦੀ ਮਿਤੀ- 20 ਜੁਲਾਈ ਮੈਚ- ਭਾਰਤ ਬਨਾਮ ਸੰਯੁਕਤ ਅਰਬ ਅਮੀਰਾਤ (ਯੂਏਈ) ਟਾਸ- ਦੁਪਹਿਰ 1:30 ਵਜੇ, ਮੈਚ ਦੀ ਸ਼ੁਰੂਆਤ- ਦੁਪਹਿਰ 2:00 ਵਜੇ ਸਟੇਡੀਅਮ- ਰੰਗੀਰੀ ਦਾਂਬੂਲਾ ਸਟੇਡੀਅਮ, ਸ਼੍ਰੀਲੰਕਾ