ਪਟਿਆਲਾ, 21 ਜੁਲਾਈ 2024 – ਜਬਰ ਜਨਾਹ ਮਾਮਲੇ ‘ਚ ਗ੍ਰਿਫਤਾਰ ਕੈਦੀ ਸੰਗਰੂਰ ਜੇਲ੍ਹ ‘ਚੋਂ ਜਿਵੇਂ ਹੀ ਇਲਾਜ ਲਈ ਪਟਿਆਲਾ ਲਿਆਂਦਾ ਗਿਆ ਤਾਂ ਉਹ ਚਕਮਾ ਦੇ ਕੇ ਫਰਾਰ ਹੋ ਗਿਆ। 22 ਸਾਲਾ ਮੁਲਜ਼ਮ ਜੀਵਨ ਸਿੰਘ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਐਕਸਰੇ ਵਿਭਾਗ ਵਿੱਚ ਗਿਆ ਸੀ। ਕੈਦੀ ਦੇ ਫਰਾਰ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮਾਂ ਦੀ ਟੀਮ ਨੇ 3 ਤੋਂ 4 ਘੰਟਿਆਂ ‘ਚ ਉਸ ਨੂੰ ਕਾਬੂ ਕਰ ਲਿਆ। ਇਹ ਕੈਦੀ ਹਸਪਤਾਲ ਦੇ ਅੰਦਰ ਇੱਕ ਇਮਾਰਤ ਵਿੱਚ ਲੁਕਿਆ ਹੋਇਆ ਸੀ ਜਿੱਥੋਂ ਉਹ ਰਾਤ ਨੂੰ ਭੱਜਣ ਦੀ ਕੋਸ਼ਿਸ਼ ‘ਚ ਸੀ।
ਪੁਲੀਸ ਅਨੁਸਾਰ ਜੀਵਨ ਸਿੰਘ ਖ਼ਿਲਾਫ਼ ਥਾਣਾ ਸੁਨਾਮ ਵਿੱਚ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਜੀਵਨ ਸਿੰਘ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ। ਜਦੋਂ ਉਹ ਜੇਲ੍ਹ ਵਿੱਚ ਬਿਮਾਰ ਹੋ ਗਿਆ ਤਾਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਚੈੱਕਅਪ ਲਈ ਲਿਆਂਦਾ ਗਿਆ।
ਇਸ ਕੈਦੀ ਨੂੰ ਜੇਲ੍ਹ ਵਾਰਡਨ ਗਗਨਦੀਪ ਅਤੇ ਨਵਦੀਪ ਦੀ ਨਿਗਰਾਨੀ ਹੇਠ ਹਸਪਤਾਲ ਲਿਆਂਦਾ ਗਿਆ ਪਰ ਦੋਵਾਂ ਨੂੰ ਚਕਮਾ ਦੇ ਕੇ ਜੀਵਨ ਸਿੰਘ ਫਰਾਰ ਹੋ ਗਿਆ। ਮਾਡਲ ਟਾਊਨ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਜੀਵਨ ਸਿੰਘ ਨੂੰ 18 ਜੁਲਾਈ ਨੂੰ ਹਸਪਤਾਲ ਲਿਆਂਦਾ ਗਿਆ ਸੀ ਅਤੇ 19 ਜੁਲਾਈ ਦੀ ਰਾਤ 11 ਵਜੇ ਜੀਵਨ ਸਿੰਘ ਭੱਜ ਗਿਆ ਸੀ ਪਰ ਮੁਲਜ਼ਮ ਨੂੰ ਤਿੰਨ ਤੋਂ ਚਾਰ ਘੰਟੇ ਵਿੱਚ ਹੀ ਕਾਬੂ ਕਰ ਲਿਆ ਗਿਆ।