- 3 ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ
ਬਠਿੰਡਾ, 21 ਜੁਲਾਈ 2024 – ਬਠਿੰਡਾ ਜ਼ਿਲ੍ਹੇ ਵਿੱਚ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਦੀ ਬੇਰਹਿਮੀ ਨਾਲ ਕੁੱਟ-ਕੁੱਟ ਹੱਤਿਆ ਕਰ ਦਿੱਤੀ ਗਈ। ਕਤਲ ਕਰਨ ਤੋਂ ਬਾਅਦ ਪ੍ਰੇਮਿਕਾ ਦਾ ਪਤੀ ਅਤੇ ਹੋਰ ਪਰਿਵਾਰਕ ਮੈਂਬਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।
ਜਾਣਕਾਰੀ ਅਨੁਸਾਰ ਪਿੰਡ ਲੁਭਾਈ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਵਿੱਕੀ ਕੁਮਾਰ ਦੇ ਆਪਣੇ ਪਿੰਡ ਦੀ ਹੀ ਰਹਿਣ ਵਾਲੀ 30 ਸਾਲਾ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸਨ। ਬੀਤੇ ਸ਼ਨੀਵਾਰ ਨੂੰ ਕਰੀਬ ਰਾਤ 1 ਵਜੇ ਵਿੱਕੀ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਲਈ ਉਸ ਦੇ ਘਰ ਚੋਰੀ-ਛਿਪੇ ਗਿਆ ਸੀ। ਇਸ ਦੌਰਾਨ ਔਰਤ ਦੇ ਪਤੀ ਸੁਖਪ੍ਰੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਵਿੱਕੀ ਨੂੰ ਫੜ ਲਿਆ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਜਿਸ ਤੋਂ ਬਾਅਦ ਦੋਸ਼ੀ ਸੁਖਪ੍ਰੀਤ ਸਿੰਘ ਅਤੇ ਦੋ ਹੋਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਖੁਲਾਸਾ ਐਤਵਾਰ ਸਵੇਰੇ ਹੋਇਆ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਦੋਸ਼ੀ ਸੁਖਪ੍ਰੀਤ ਸਿੰਘ ਦੇ ਘਰ ਪਹੁੰਚੇ ਅਤੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਵਿੱਕੀ ਦੇ ਪਿੰਡ ਲੁਭਾਈ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਬੇਅੰਤ ਕੌਰ ਨਾਲ ਪ੍ਰੇਮ ਸਬੰਧ ਸਨ। ਜਿਸ ਕਾਰਨ ਉਹ ਸ਼ਨੀਵਾਰ ਨੂੰ ਉਸ ਨੂੰ ਮਿਲਣ ਲਈ ਉਕਤ ਔਰਤ ਦੇ ਘਰ ਗਿਆ ਸੀ। ਪਰ ਔਰਤ ਦੇ ਪਤੀ ਸੁਖਪ੍ਰੀਤ ਸਿੰਘ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਫੜ ਲਿਆ ਅਤੇ ਉਸਦੀ ਕੁੱਟਮਾਰ ਕਰ ਦਿੱਤੀ।
ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੁਖਪ੍ਰੀਤ ਸਿੰਘ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਅਜੇ ਫਰਾਰ ਹਨ। ਪੁਲਿਸ ਦੀਆਂ ਟੀਮਾਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ।