- ਮੈਡੀਕਲ ਟੈਸਟ ਲਈ ਬਣਾਈ ਹੋਈ ਸੀ ਫਰਜ਼ੀ ਲੈਬ
ਮੋਹਾਲੀ, 23 ਜੁਲਾਈ 2024 – ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਕਈ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਦੀ ਪਛਾਣ ਜੈਕਰਨ ਜੋਸ਼ੀ, ਅਰਸ਼ਦ ਖਾਨ ਅਤੇ ਮਹੀਪਾਲ ਸਿੰਘ ਵਜੋਂ ਹੋਈ ਹੈ। ਜੈਕਰਨ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ। ਅਰਸ਼ਦ ਖਾਨ ਅਤੇ ਮਹੀਪਾਲ ਨੇ ਫਰਜ਼ੀ ਲੈਬ ਬਣਾਈ ਸੀ, ਜਿੱਥੇ ਉਹ ਨੌਜਵਾਨਾਂ ਦੇ ਮੈਡੀਕਲ ਟੈਸਟ ਕਰਵਾਉਂਦੇ ਸਨ।
ਅਦਾਲਤ ਤੋਂ ਇਜਾਜ਼ਤ ਲੈ ਕੇ ਪੁਲੀਸ ਨੇ ਸੈਕਟਰ-22 ਅਤੇ ਸੈਕਟਰ-44 ਸਥਿਤ ਮੁਲਜ਼ਮਾਂ ਦੇ ਦੋ ਦਫ਼ਤਰਾਂ ਦੀ ਤਲਾਸ਼ੀ ਲਈ। ਪੁਲਿਸ ਨੇ ਉਥੋਂ 102 ਪਾਸਪੋਰਟ, ਲੈਪਟਾਪ ਅਤੇ ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਸ਼ਿਕਾਇਤਕਰਤਾ ਆਸ਼ੀਸ਼ ਸ਼ਰਮਾ ਨੇ ਪਿਛਲੇ ਹਫ਼ਤੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੇ ਸੱਤ ਹੋਰਾਂ ਨਾਲ ਮਿਲ ਕੇ ਮੈਸਰਜ਼ ਗੋਲਡਨ ਓਵਰਸੀਜ਼, ਸੈਕਟਰ 9 ਵਿਖੇ ਜੈਕਰਨ ਜੋਸ਼ੀ ਰਾਹੀਂ ਵੀਜ਼ਾ ਲਈ ਅਰਜ਼ੀ ਦਿੱਤੀ ਸੀ।
ਫਰਮ ਦੇ ਸੰਚਾਲਕਾਂ ਨੇ ਉਸ ਤੋਂ ਅੱਠ ਲੱਖ ਰੁਪਏ ਲਏ, ਫਿਰ ਨਾ ਤਾਂ ਉਸ ਨੂੰ ਵੀਜ਼ਾ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਨਿਰਾਸ਼ ਹੋ ਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪੁਲੀਸ ਨੇ ਮੁਲਜ਼ਮ ਜੈਕਰਨ ਜੋਸ਼ੀ ਵਾਸੀ ਖਰੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਦੇ ਆਧਾਰ ‘ਤੇ ਪੁਲਸ ਨੇ ਰਾਜਸਥਾਨ ਦੇ ਸੀਕਰ ਜ਼ਿਲਾ ਦੇ ਰਹਿਣ ਵਾਲੇ ਅਰਸ਼ਦ ਖਾਨ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਮਹੀਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ਨੇ ਸ਼ਹਿਰ ਦੇ ਪੰਜ ਸੈਕਟਰਾਂ ਵਿੱਚ ਛੇ ਦਫ਼ਤਰ ਬਣਾਏ ਹੋਏ ਸਨ। ਸੈਕਟਰ-8ਸੀ ਵਿੱਚ ਮੈਸਰਜ਼ ਸਮਾਰਟ ਵੀਜ਼ਾ ਪੁਆਇੰਟ, ਮੈਸਰਜ਼ ਕੈਨੇਡੀਅਨ ਵੈਸਟ ਕੰਸਲਟੈਂਸੀ, ਸੈਕਟਰ-9ਡੀ ਵਿੱਚ ਮੈਸਰਜ਼ ਗੋਲਡਨ ਓਵਰਸੀਜ਼, ਸੈਕਟਰ-20 ਵਿੱਚ ਮੈਸਰਜ਼ ਗੁਰੂ ਟੂਰ ਐਂਡ ਟਰੈਵਲਜ਼, ਸੈਕਟਰ-22ਸੀ ਵਿੱਚ ਮੈਸਰਜ਼ ਗੋਲਡਨ ਓਵਰਸੀਜ਼ ਅਤੇ ਸੈਕਟਰ-44 ਵਿਚ ਮੈਸਰਜ਼ ਵਰਲਡ ਇੰਟਰਨੈਸ਼ਨਲ ਟੂਰ ਐਂਡ ਟਰੈਵਲ ਦੇ ਨਾਂ ‘ਤੇ ਖੋਲ੍ਹੇ ਗਏ ਸਨ। ਕੋਈ ਵੀ ਨੌਜਵਾਨ ਜੋ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਇੱਕ ਵਾਰ ਇਨ੍ਹਾਂ ਦੇ ਚੁੰਗਲ ਵਿੱਚ ਫਸ ਜਾਂਦਾ ਸੀ, ਉਹ ਕਿਸੇ ਹੋਰ ਰਾਹੀਂ ਅਪਲਾਈ ਵੀ ਨਹੀਂ ਕਰ ਸਕਦਾ ਸੀ। ਮੁਲਜ਼ਮਾ ਉਨ੍ਹਾਂ ਦੇ ਪਾਸਪੋਰਟ ਆਪਣੇ ਕੋਲ ਰੱਖ ਲੈਂਦੇ ਸੀ ਅਤੇ ਵਾਪਸ ਨਹੀਂ ਕਰਦੇ ਸੀ। ਪਾਸਪੋਰਟ ਤੋਂ ਬਿਨਾਂ ਉਹ ਕਿਤੇ ਵੀ ਅਪਲਾਈ ਨਹੀਂ ਕਰ ਸਕਦੇ ਸਨ।
ਵੀਜ਼ਾ ਬਿਨੈਕਾਰਾਂ ਨੂੰ ਸੈਕਟਰ-33ਡੀ ਸਥਿਤ ਹੈਲਥ ਕੇਅਰ ਡਾਇਗਨੋਸਟਿਕ ਲੈਬ ਵਿੱਚ ਭੇਜਿਆ ਜਾਂਦਾ ਸੀ। ਅਰਸ਼ਦ ਖਾਨ ਅਤੇ ਮਹੀਪਾਲ ਇਸ ਫਰਜ਼ੀ ਲੈਬ ਨੂੰ ਚਲਾ ਰਹੇ ਸਨ। ਉਸਨੇ ਦੱਸਿਆ ਕਿ ਉਸਨੇ ਖੂਨ ਦੇ ਨਮੂਨੇ ਲੈਣ ਲਈ ਦੋ ਲੜਕੀਆਂ ਨੂੰ ਨੌਕਰੀ ‘ਤੇ ਰੱਖਿਆ ਸੀ।
ਉਸ ਕੋਲ ਨਾ ਤਾਂ ਕੋਈ ਸਬੰਧਤ ਡਿਗਰੀ ਸੀ ਅਤੇ ਨਾ ਹੀ ਇਸ ਕੰਮ ਦਾ ਕੋਈ ਤਜਰਬਾ ਸੀ। ਪੁਲਿਸ ਨੇ ਉਸ ਫਰਜ਼ੀ ਲੈਬ ਤੋਂ ਖੂਨ ਦੇ ਨਮੂਨੇ ਭਰਨ ਲਈ ਕੱਚ ਦੀਆਂ ਸ਼ੀਸ਼ੀਆਂ ਅਤੇ 1600 ਪ੍ਰੀ-ਮੈਡੀਕਲ ਜਾਂਚ ਰਿਪੋਰਟਾਂ ਅਤੇ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਮੈਡੀਕਲ ਦੇ ਨਾਂ ‘ਤੇ ਬਿਨੈਕਾਰਾਂ ਤੋਂ 6000 ਤੋਂ 6500 ਰੁਪਏ ਵਸੂਲੇ ਜਾਂਦੇ ਸਨ।