ਗੁਰਦਾਸਪੁਰ, 25 ਜੁਲਾਈ 2024 – ਭਾਰਤੀ ਨੌਜਵਾਨ ਨੇ ਪਾਕਿਸਤਾਨ ਕੁੜੀ ਨਾਲ ਵਿਆਹ ਤਾਂ ਕਰਵਾ ਲਿਆ ਪਰ ਨਵ-ਵਿਆਹੇ ਜੋੜੇ ਨੂੰ ਆਪਣੇ ਵਿਆਹ ਦਾ ਸਰਟੀਫ਼ਿਕੇਟ ਬਣਵਾਉਣ ਲਈ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ।
ਇਸ ਸਬੰਧ ਵਿੱਚ ਸੋਨੂੰ ਮਸੀਹ ਪੁੱਤਰ ਬਲਦੇਵ ਮਸੀਹ ਵਾਸੀ ਪਿੰਡ ਸਠਿਆਲੀ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਨੇ ਪੱਤਰਕਾਰਾਂ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਕਿਹਾ ਕਿ ਉਸ ਦਾ ਵਿਆਹ ਮਾਰਿਆ ਬੀਬੀ ਪੁੱਤਰੀ ਸ਼ਾਮੂਨ ਮਸੀਹ ਵਾਸੀ ਬੰਕੇ ਚੀਮਾ ਗੱਖੜ ਗੁੱਜਰਾਂਵਾਲਾ (ਪਾਕਿਸਤਾਨ) ਨਾਲ 8 ਜੁਲਾਈ 2024 ਨੂੰ ਪਿੰਡ ਵਿੱਚ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਇਆ। ਉਸ ਦੀ ਪਤਨੀ ਨੂੰ ਭਾਰਤ ਸਰਕਾਰ ਨੇ ਭਾਰਤ ਵਿਆਹ ਕਰਵਾਉਣ ਲਈ ਵੀਜ਼ਾ ਜਾਰੀ ਕੀਤਾ ਅਤੇ ਉਹ 4 ਜੁਲਾਈ 2024 ਨੂੰ ਵਾਹਗਾ ਸਰਹੱਦ ਰਾਹੀਂ ਪਿੰਡ ਸਠਿਆਲੀ ਪਹੁੰਚੀ।
ਭਾਰਤ ਵਿੱਚ ਰਹਿਣ ਲਈ ਵੀਜ਼ਾ ਵਧਾਉਣ ਲਈ ਵਿਆਹ ਦੀ ਰਜਿਸਟਰੇਸ਼ਨ ਪੰਜਾਬ ਕੰਮਪਲਸਰੀ ਰਜਿਸਟਰੇਸ਼ਨ ਆਫ਼ ਮੈਰਿਜ ਐਕਟ 2012 ਕਰਵਾਉਣੀ ਜ਼ਰੂਰੀ ਹੈ। ਤਾਂ ਹੀ ਉਸ ਦੀ ਪਤਨੀ ਪੱਕੇ ਤੌਰ ਤੇ ਉਸ ਦੇ ਨਾਲ ਭਾਰਤ ਰਹਿ ਸਕਦੀ ਹੈ ਅਤੇ ਲੰਬੇ ਸਮੇਂ ਦੀ ਮਿਆਦ ਵਾਲਾ ਵੀਜ਼ਾ ਉਸ ਦੀ ਪਤਨੀ ਨੂੰ ਜਾਰੀ ਹੋਵੇਗਾ। ਉਸ ਨੇ ਲੋੜੀਂਦੇ ਕਾਗ਼ਜ਼ਾਂ ਨੂੰ ਮੁਕੰਮਲ ਕਰ ਕੇ ਨਾਇਬ ਤਹਿਸੀਲਦਾਰ ਕਾਹਨੂੰਵਾਨ ਨਾਲ ਮੁਲਾਕਾਤ ਕੀਤੀ। ਪਰ ਨਾਇਬ ਤਹਿਸੀਲਦਾਰ ਉਸ ਦੀ ਫ਼ਾਈਲ ਤੇ ਕਾਰਵਾਈ ਕਰਨ ਤੋਂ ਇਨਕਾਰੀ ਕਰ ਰਿਹਾ ਹੈ ਅਤੇ ਉਸ ਨੂੰ ਨਾਇਬ ਤਹਿਸੀਲਦਾਰ ਦੇ ਦਫ਼ਤਰ ਵੱਲੋਂ ਕਾਫ਼ੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ।
ਸੋਨੂੰ ਦੀ ਪਤਨੀ ਮਾਰਿਆ ਬੀਬੀ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਕਾਫ਼ੀ ਦਿਨਾਂ ਤੋਂ ਖੱਜਲ ਖ਼ੁਆਰ ਹੋ ਰਹੀ ਹੈ ਦੁਖੀ ਹੋ ਕੇ ਸੋਨੂੰ ਮਸੀਹ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅੱਜ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਤਹਿਸੀਲਦਾਰ ਦਾ ਦਫ਼ਤਰ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਸ ਦੀ ਇਸ ਮਾਮਲੇ ਵਿੱਚ ਮਦਦ ਕੀਤੀ ਜਾਵੇ।
ਦੂਜੇ ਪਾਸੇ ਇਸ ਸਬੰਧ ਵਿੱਚ ਜਦੋਂ ਨਾਇਬ ਤਹਿਸੀਲਦਾਰ ਕਾਹਨੂੰਵਾਨ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੂਜੇ ਦੇਸ਼ ਵਿੱਚ ਵਿਆਹ ਹੋਣ ਕਾਰਨ ਲੜਕੀ ਦੇ ਮਾਪੇ ਵੀ ਮੈਰਿਜ ਰਜਿਸਟਰੇਸ਼ਨ ਮੌਕੇ ਹਾਜ਼ਰ ਨਹੀਂ ਹੋ ਸਕਦੇ, ਇਸ ਲਈ ਇਹ ਮਾਮਲਾ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਆਉਂਦਾ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਫੋਰਮੈਲਿਟੀਜ਼ ਪੂਰੀਆਂ ਕਰਨੀਆਂ ਪੈਂਦੀਆਂ ਹਨ। ਉਹਨਾਂ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਨਵੇਂ ਜੋੜੇ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਭੇਜਿਆ ਸੀ ਤਾਂ ਜੋ ਬਾਕੀ ਰਹਿੰਦੀਆਂ ਫਾਰਮੈਲਟੀਜ ਵੀ ਪੂਰੀਆਂ ਕਰ ਲਈਆਂ ਜਾਣ। ਕਾਗਜੀ ਕਾਰਵਾਈ ਪੂਰੇ ਹੁੰਦਿਆਂ ਹੀ ਜੋੜੇ ਨੂੰ ਵਿਵਾਹ ਦੀ ਰਜਿਸਟਰੇਸ਼ਨ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ।