- ਟੀਮ ਇੰਡੀਆ ਹੁਣ ਤੱਕ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀ
ਨਵੀਂ ਦਿੱਲੀ, 26 ਜੁਲਾਈ 2024 – ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਮਹਿਲਾ ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਬੰਗਲਾਦੇਸ਼ ਨਾਲ ਭਿੜੇਗੀ। ਇਸ ਏਸ਼ੀਆ ਕੱਪ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਮਹਿਲਾ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਸ਼੍ਰੀਲੰਕਾ ਦੇ ਰੰਗੀਰੀ ਦਾਂਬੁਲਾ ਸਟੇਡੀਅਮ ‘ਚ ਭਰਤੀ ਸਮੇਂ ਅਨੁਸਾਰ ਦੁਪਹਿਰੇ – 2:00 ਵਜੇ ਸ਼ੁਰੂ ਹੋਵੇਗਾ ਆਏ ਮੈਚ ਦਾ ਟਾਸ 1:30 ਵਜੇ ਹੋਵੇਗਾ।
ਦੋਵੇਂ ਟੀਮਾਂ ਅੱਜ ਦਾ ਮੈਚ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕਰਨਾ ਚਾਹੁਣਗੀਆਂ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ, ਦੂਜੇ ਮੈਚ ਵਿੱਚ ਯੂਏਈ ਨੂੰ 78 ਦੌੜਾਂ ਨਾਲ ਅਤੇ ਤੀਜੇ ਮੈਚ ਵਿੱਚ ਨੇਪਾਲ ਨੂੰ 82 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਵਾਪਸੀ ਕਰਦੇ ਹੋਏ ਬੰਗਲਾਦੇਸ਼ ਨੇ ਥਾਈਲੈਂਡ ਨੂੰ 7 ਵਿਕਟਾਂ ਅਤੇ ਮਲੇਸ਼ੀਆ ਨੂੰ 114 ਦੌੜਾਂ ਨਾਲ ਹਰਾਇਆ।
ਭਾਰਤ ਅਤੇ ਸ਼੍ਰੀਲੰਕਾ ਇਸ ਏਸ਼ੀਆ ਕੱਪ ਵਿੱਚ ਦੋ ਟੀਮਾਂ ਹਨ ਜੋ ਹੁਣ ਤੱਕ ਅਜਿੱਤ ਰਹੀਆਂ ਹਨ। ਦੂਜਾ ਸੈਮੀਫਾਈਨਲ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਕੱਲ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ।