ਨਵੀਂ ਦਿੱਲੀ, 27 ਜੂਏ 2024 – ਸ਼੍ਰੀਲੰਕਾ ਨੇ ਮਹਿਲਾ ਏਸ਼ੀਆ ਕੱਪ ਦੇ ਦੂਜੇ ਸੈਮੀਫਾਈਨਲ ‘ਚ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਸ਼੍ਰੀਲੰਕਾ ਛੇਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚੀ ਹੈ। ਫਾਈਨਲ ‘ਚ ਸ਼੍ਰੀਲੰਕਾ ਦਾ ਸਾਹਮਣਾ ਮੌਜੂਦਾ ਚੈਂਪੀਅਨ ਭਾਰਤ ਨਾਲ ਹੋਵੇਗਾ।
ਮੈਚ ‘ਚ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 140 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਮਹਿਲਾ ਟੀਮ ਨੇ 19.5 ਓਵਰਾਂ ‘ਚ 7 ਵਿਕਟਾਂ ‘ਤੇ 141 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਟੀਮ ਦੀ ਤਰਫੋਂ ਕਪਤਾਨ ਚਮਾਰੀ ਅਟਾਪੱਟੂ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸਾਦੀਆ ਇਕਬਾਲ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।
ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਗੁਲ ਫਿਰੋਜ਼ਾ ਨੇ 25 ਦੌੜਾਂ ਅਤੇ ਫਾਤਿਮਾ ਸਨਾ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਸ਼੍ਰੀਲੰਕਾ ਲਈ ਉਦੇਸ਼ਿਕਾ ਪ੍ਰਬੋਧਿਨੀ ਅਤੇ ਕਵੀਸ਼ਾ ਦਿਲਹਾਰੀ ਨੇ 2-2 ਵਿਕਟਾਂ ਹਾਸਲ ਕੀਤੀਆਂ।
ਸ਼੍ਰੀਲੰਕਾ ਨੂੰ ਆਖਰੀ ਓਵਰ ‘ਚ 6 ਗੇਂਦਾਂ ‘ਤੇ 3 ਦੌੜਾਂ ਦੀ ਲੋੜ ਸੀ। ਕਪਤਾਨ ਨਿਦਾ ਡਾਰ ਨੇ ਖੁਦ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲੀ। ਉਸ ਨੇ ਸੁਗੰਧੀਕਾ ਕੁਮਾਰੀ ਨੂੰ ਪਹਿਲੀਆਂ 2 ਗੇਂਦਾਂ ‘ਤੇ ਆਊਟ ਕਰ ਦਿੱਤਾ। ਹੁਣ ਸ਼੍ਰੀਲੰਕਾ ਨੂੰ 4 ਗੇਂਦਾਂ ‘ਤੇ 3 ਦੌੜਾਂ ਦੀ ਲੋੜ ਸੀ। ਬੱਲੇਬਾਜ਼ੀ ਕਰਨ ਆਏ ਅਚਿਨੀ ਕੁਲਸੂਰੀਆ ਨੇ ਸਿੰਗਲ ਲੈ ਕੇ ਸੈੱਟ ਦੀ ਬੱਲੇਬਾਜ਼ ਅਨੁਸ਼ਕਾ ਸੰਜੀਵਨੀ ਨੂੰ ਸਟ੍ਰਾਈਕ ‘ਤੇ ਲਿਆਂਦਾ। ਇਸ ਤੋਂ ਬਾਅਦ ਨਿਦਾ ਡਾਰ ਨੇ ਅਗਲੀ ਗੇਂਦ ਨੂੰ ਵਾਈਡ ਕਰ ਦਿੱਤਾ। ਸਕੋਰ ਬਰਾਬਰ ਹੋ ਗਿਆ। ਪੰਜਵੀਂ ਗੇਂਦ ‘ਤੇ ਸੰਜੀਵਨੀ ਨੇ ਲਾਂਗ ਆਫ ‘ਤੇ ਸ਼ਾਟ ਖੇਡਿਆ ਅਤੇ ਸ਼੍ਰੀਲੰਕਾ ਦੀ ਟੀਮ ਜਿੱਤ ਗਈ।