- ਦੋਵੇਂ ਟੀਮਾਂ ਛੇਵੀਂ ਵਾਰ ਫਾਈਨਲ ਵਿੱਚ ਇੱਕ ਦੂਜੇ ਦਾ ਕਰਨਗੀਆਂ ਸਾਹਮਣਾ
ਨਵੀਂ ਦਿੱਲੀ, 28 ਜੁਲਾਈ 2024 – ਮਹਿਲਾ ਏਸ਼ੀਆ ਕੱਪ 2024 ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਹੁਣ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੋਵੇਂ ਟੀਮਾਂ ਇਸ ਏਸ਼ੀਆ ਕੱਪ ‘ਚ ਹੁਣ ਤੱਕ ਅਜੇਤੂ ਰਹੀਆਂ ਹਨ।
ਭਾਰਤੀ ਟੀਮ 9ਵੀਂ ਵਾਰ ਏਸ਼ੀਆ ਕੱਪ ਦਾ ਫਾਈਨਲ ਖੇਡ ਰਹੀ ਹੈ। ਦੂਜੇ ਪਾਸੇ ਸ੍ਰੀਲੰਕਾ ਛੇਵੀਂ ਵਾਰ ਫਾਈਨਲ ਵਿੱਚ ਪੁੱਜਿਆ ਹੈ। ਦੋਵੇਂ ਟੀਮਾਂ ਲਗਾਤਾਰ ਦੂਜੀ ਵਾਰ ਅਤੇ ਕੁੱਲ ਛੇਵੀਂ ਵਾਰ ਖ਼ਿਤਾਬੀ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਪੰਜ ਵਾਰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ ਅਤੇ ਹਰ ਵਾਰ ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ ਹੈ।
ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਤੋਂ ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ ‘ਚ ਖੇਡਿਆ ਜਾਵੇਗਾ ਅਤੇ ਮੈਚ ਦਾ ਟਾਸ 2:30 ਵਜੇ ਹੋਵੇਗਾ।
ਭਾਰਤੀ ਮਹਿਲਾ ਟੀਮ ਇਸ ਸਮੇਂ ਫਾਰਮ ‘ਚ ਹੈ। ਇਸ ਨੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ, ਦੂਜੇ ਵਿੱਚ ਯੂਏਈ ਨੂੰ, ਤੀਜੇ ਵਿੱਚ ਨੇਪਾਲ ਨੂੰ ਅਤੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ। ਦੂਜੇ ਪਾਸੇ ਸ੍ਰੀਲੰਕਾ ਨੇ ਪਹਿਲੇ ਮੈਚ ਵਿੱਚ ਬੰਗਲਾਦੇਸ਼, ਦੂਜੇ ਵਿੱਚ ਮਲੇਸ਼ੀਆ, ਤੀਜੇ ਵਿੱਚ ਥਾਈਲੈਂਡ ਅਤੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ।
ਮੈਚ ਵਾਲੇ ਦਿਨ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ। ਮਹਿਲਾ ਏਸ਼ੀਆ ਕੱਪ 2024 ਫਾਈਨਲ ਮੈਚ ਦੌਰਾਨ ਮਾਮੂਲੀ ਬੱਦਲ ਛਾਏ ਰਹਿਣਗੇ। ਤਾਪਮਾਨ 29 ਤੋਂ 23 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਸ਼੍ਰੀਲੰਕਾ ‘ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇੱਥੇ ਰੰਗੀਰੀ ਦਾਂਬੁਲਾ ਸਟੇਡੀਅਮ ‘ਚ ਖੇਡੇ ਗਏ ਹਨ। ਹੁਣ ਤੱਕ ਇੱਥੇ 17 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 11 ਮੈਚ ਜਿੱਤੇ ਹਨ। ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਗੇਂਦਬਾਜ਼ੀ ਕਰਨਾ ਚਾਹੁਣਗੇ। ਦਾਂਬੁਲਾ ਸਟੇਡੀਅਮ ਦੀ ਪਿੱਚ ਗੇਂਦਬਾਜ਼ਾਂ ਦੀ ਮਦਦਗਾਰ ਹੈ।