ਨਵੀਂ ਦਿੱਲੀ, 28 ਜੁਲਾਈ 2024 – ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਇਤਿਹਾਸ ਰਚ ਦਿੱਤਾ ਹੈ। ਉਸਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਮਨੂ ਓਲੰਪਿਕ ਦੇ ਇਤਿਹਾਸ ਵਿੱਚ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਉਸ ਨੇ ਫਾਈਨਲ ਵਿੱਚ 221.7 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
2021 ਟੋਕੀਓ ਓਲੰਪਿਕ ਵਿੱਚ ਮਨੂ ਦੀ ਪਿਸਤੌਲ ਖਰਾਬ ਹੋ ਗਈ ਸੀ। ਉਹ 20 ਮਿੰਟ ਤੱਕ ਨਿਸ਼ਾਨਾ ਨਹੀਂ ਬਣਾ ਸਕੀ। ਪਿਸਤੌਲ ਦੀ ਮੁਰੰਮਤ ਹੋਣ ਤੋਂ ਬਾਅਦ ਵੀ ਮਨੂ ਸਿਰਫ਼ 14 ਸ਼ਾਟ ਹੀ ਚਲਾ ਸਕੀ ਅਤੇ ਫਾਈਨਲ ਦੌੜ ਤੋਂ ਬਾਹਰ ਹੋ ਗਈ। ਮਨੂ ਨਿਰਾਸ਼ ਸੀ ਪਰ ਉਸਨੇ ਵਾਪਸੀ ਕੀਤੀ ਅਤੇ ਪੈਰਿਸ ਓਲੰਪਿਕ ਵਿੱਚ ਭਾਰਤ ਲਈ ਤਮਗਾ ਜਿੱਤਿਆ।
ਕੋਰੀਆ ਦੀ ਓਹ ਯੇ ਜਿਨ ਨੇ ਇਸ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਉਸ ਨੇ 243.2 ਅੰਕ ਬਣਾ ਕੇ ਓਲੰਪਿਕ ਰਿਕਾਰਡ ਬਣਾਇਆ। ਕੋਰੀਆ ਦੀ ਕਿਮ ਯੇਜੀ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ 241.3 ਅੰਕ ਬਣਾਏ।
ਮਨੂ ਭਾਕਰ ਨੇ 12 ਸਾਲ ਬਾਅਦ ਭਾਰਤ ਨੂੰ ਓਲੰਪਿਕ ‘ਚ ਨਿਸ਼ਾਨੇਬਾਜ਼ੀ ਦਾ ਤਗਮਾ ਦਿਵਾਇਆ ਹੈ। ਭਾਰਤ ਨੂੰ ਇਸ ਖੇਡ ਵਿੱਚ ਆਖਰੀ ਓਲੰਪਿਕ ਤਮਗਾ 2012 ਵਿੱਚ ਮਿਲਿਆ ਸੀ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ 5ਵਾਂ ਤਮਗਾ ਹੈ। ਰਾਜਵਰਧਨ ਸਿੰਘ ਰਾਠੌਰ ਨੇ 2004 ਵਿੱਚ ਚਾਂਦੀ ਦਾ, ਅਭਿਨਵ ਬਿੰਦਰਾ ਨੇ 2008 ਵਿੱਚ ਸੋਨਾ ਅਤੇ ਵਿਜੇ ਕੁਮਾਰ ਨੇ 2012 ਵਿੱਚ ਚਾਂਦੀ ਅਤੇ ਗਗਨ ਨਾਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ।