- ਏਅਰ ਫੋਰਸ ਚਲਾਏਗੀ ਬਚਾਅ ਕਾਰਜ
ਕੇਰਲਾ, 30 ਜੁਲਾਈ 2024 – ਦੇਸ਼ ਦੇ ਪੱਛਮੀ, ਕੇਂਦਰੀ, ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਮਾਨਸੂਨ ਸਰਗਰਮ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ (30 ਜੁਲਾਈ) ਨੂੰ ਮੱਧ ਪ੍ਰਦੇਸ਼, ਗੁਜਰਾਤ, ਉੱਤਰਾਖੰਡ, ਛੱਤੀਸਗੜ੍ਹ ਸਮੇਤ 24 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਇੱਥੇ ਦੱਸ ਦੇਈਏ ਕਿ ਕੇਰਲ ਦੇ ਵਾਇਨਾਡ ‘ਚ ਸੋਮਵਾਰ ਰਾਤ ਨੂੰ ਭਾਰੀ ਮੀਂਹ ਕਾਰਨ 4 ਪਿੰਡ ਮੁੰਡਕਾਈ, ਚੂਰਲਮਾਲਾ, ਅਟਾਮਾਲਾ ਅਤੇ ਨੂਲਪੁਝਾ ਲੈਂਡ ਸਲਾਈਡ ਦੀ ਲਪੇਟ ‘ਚ ਆ ਗਏ। ਇਸ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੇਰਲ ਸਰਕਾਰ ਮੁਤਾਬਕ ਜ਼ਮੀਨ ਖਿਸਕਣ ਪਹਿਲੀ ਖਬਰ ਮੰਗਲਵਾਰ (30 ਜੁਲਾਈ) ਸਵੇਰੇ ਕਰੀਬ 2 ਵਜੇ ਅਤੇ ਦੂਜੀ ਵਾਰ ਤੜਕੇ 4 ਵਜੇ ਦੇ ਕਰੀਬ ਸਾਹਮਣੇ ਆਈ। ਜ਼ਮੀਨ ਖਿਸਕਣ ਕਾਰਨ ਅਜੇ ਵੀ 400 ਤੋਂ ਵੱਧ ਲੋਕ ਫਸੇ ਹੋਏ ਹਨ।
ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਜਲਦੀ ਹੀ ਸੁਲੂਰ ਤੋਂ ਵਾਇਨਾਡ ਲਈ ਖੋਜ ਅਤੇ ਬਚਾਅ ਕਾਰਜਾਂ ਲਈ ਰਵਾਨਾ ਹੋਣਗੇ।
ਵਾਇਨਾਡ ਜ਼ਮੀਨ ਖਿਸਕਣ ਤੋਂ ਬਾਅਦ ਸਿਹਤ ਵਿਭਾਗ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ। ਐਮਰਜੈਂਸੀ ਸਿਹਤ ਸੇਵਾਵਾਂ ਲਈ ਦੋ ਹੈਲਪਲਾਈਨ ਨੰਬਰ 8086010833 ਅਤੇ 9656938689 ਵੀ ਜਾਰੀ ਕੀਤੇ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਵੈਥਰੀ, ਕਾਲਾਪੱਟਾ, ਮੇਪਪਾਡੀ ਅਤੇ ਮਨੰਤਵਾਦੀ ਹਸਪਤਾਲ ਅਲਰਟ ‘ਤੇ ਹਨ।
ਇੱਥੇ, ਭਾਰੀ ਬਾਰਸ਼ ਦੇ ਕਾਰਨ, ਸੈਲਾਨੀਆਂ ਨੂੰ ਕੋਝੀਕੋਡ ਜ਼ਿਲ੍ਹੇ ਦੇ ਸਾਰੇ ਸੈਰ-ਸਪਾਟਾ ਸਥਾਨਾਂ ‘ਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੀਆਂ ਗ੍ਰੇਨਾਈਟ ਖੱਡਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਲਈ ਕਿਹਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਮਾਰੇ ਗਏ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕੇਰਲ ਸਰਕਾਰ ਨੂੰ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਨਾਲ ਹੀ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।