ਨਵੀਂ ਦਿੱਲੀ, 5 ਜਨਵਰੀ 2021 – ਕੋਰੋਨਾ ਵਾਇਰਸ ਤੋਂ ਬਾਅਦ ਰਾਜਸਥਾਨ, ਕੇਰਲ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੋਂਗ ਡੈਮ ਝੀਲ ਖੇਤਰ ਵਿਚ ਮਰੇ ਪ੍ਰਵਾਸੀ ਪੰਛੀਆਂ ਵਿਚ ਬਰਡ ਫਲੂ ਦੀ ਪੁਸ਼ਟੀ ਕੀਤੀ ਹੈ। ਮੰਦਸੌਰ ਵਿਚ 23 ਦਸੰਬਰ ਤੋਂ 3 ਜਨਵਰੀ ਦਰਮਿਆਨ ਲਗਭਗ 100 ਕਾਵਾਂ ਦੀ ਮੌਤ ਹੋ ਗਈ ਹੈ। ਸਟੇਟ ਲੈਬ ਨੂੰ ਭੇਜੇ ਗਏ ਮਰੇ ਕਾਵਾਂ ਦੇ ਚਾਰ ਨਮੂਨਿਆਂ ਵਿਚ ਬਰਡ ਫਲੂ ਦਾ ਪਤਾ ਲੱਗਿਆ ਹੈ।
ਇਸ ਤੋਂ ਬਿਨਾਂ ਅੱਜ ਹਿਮਾਚਲ ਪ੍ਰਦੇਸ਼ ਦੀ ਹੱਦ ‘ਤੇ ਬਿਆਸ’ ਪੋਂਗ ਡੈਮ ਝੀਲ ‘ਚ ਬਰਡ ਫਲੂ ਦੇ ਕਾਰਨ ਹਜ਼ਾਰਾਂ ਪ੍ਰਵਾਸੀ ਪੰਛੀਆਂ ਦੀ ਮੌਤ ਹੋਈ ਹੈ। ਇਸ ਦੇ ਮੱਦੇਨਜ਼ਰ ਰਾਜ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਹਰੀਕੇ ਪੱਤਣ (ਤਰਨ ਤਾਰਨ), ਕੇਸ਼ੋਪੁਰ ਛਾਂਬ (ਗੁਰਦਾਸਪੁਰ), ਨੰਗਲ, ਰੂਪਨਗਰ ਤੇ ਹੋਰ ਥਾਂ ਤੇ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਇਨ੍ਹਾਂ ਖੇਤਰਾਂ ਵਿੱਚ ਪਰਵਾਸੀ ਪੰਛੀਆਂ ਦੇ ਮਰਨ ਦੇ ਕੋਈ ਖ਼ਬਰ ਨਹੀਂ ਪਰ ਪੰਛੀਆਂ ਵਿੱਚ ਫੈਲ ਰਹੀ ਇਸ ਬਿਮਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।