ਨਵੀਂ ਦਿੱਲੀ, 2 ਅਗਸਤ 2024 – ਸ਼੍ਰੀਲੰਕਾ ਨੂੰ ਟੀ-20 ਸੀਰੀਜ਼ ‘ਚ 3-0 ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਅੱਜ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਦੁਪਹਿਰ 2.30 ਵਜੇ ਤੋਂ ਖੇਡਿਆ ਜਾਵੇਗਾ। ਸ਼੍ਰੀਲੰਕਾ ਦੀ ਟੀਮ ਜ਼ਖਮੀ ਮੈਥਿਸ਼ ਪਥੀਰਾਨਾ ਸਮੇਤ ਚਾਰ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਤੋਂ ਬਿਨਾਂ ਹੋਵੇਗੀ।
ਭਾਰਤ ਦੀ ਟੀਮ ਵੀ ਟੀ-20 ਟੀਮ ਦੇ 6 ਖਿਡਾਰੀਆਂ ਤੋਂ ਬਿਨਾਂ ਮੈਦਾਨ ‘ਚ ਉੱਤਰੇਗੀ, ਉਨ੍ਹਾਂ ਦੀ ਜਗ੍ਹਾ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਹੋਣਗੇ। ਰੋਹਿਤ ਅਤੇ ਵਿਰਾਟ ਵਨਡੇ ਵਿਸ਼ਵ ਕੱਪ ਫਾਈਨਲ ‘ਚ ਆਸਟ੍ਰੇਲੀਆ ਖਿਲਾਫ ਹਾਰ ਤੋਂ ਬਾਅਦ ਆਪਣਾ ਪਹਿਲਾ ਵਨਡੇ ਖੇਡਣਗੇ।
ਦੂਜੇ ਪਾਸੇ ਰਿਸ਼ਭ ਪੰਤ ਨਵੰਬਰ 2022 ਤੋਂ ਬਾਅਦ ਪਹਿਲਾ ਵਨਡੇ ਖੇਡਦੇ ਨਜ਼ਰ ਆਉਣਗੇ। ਅਜਿਹੇ ‘ਚ ਵੱਡਾ ਸਵਾਲ ਇਹ ਹੈ ਕਿ ਕੀ ਉਸ ਨੂੰ ਪਲੇਇੰਗ-11 ‘ਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ ? ਕਿਉਂਕਿ ਕੇਐੱਲ ਰਾਹੁਲ ਵਨਡੇ ਟੀਮ ‘ਚ ਪਹਿਲੀ ਪਸੰਦ ਵਿਕਟਕੀਪਰ ਵਜੋਂ ਸਥਾਪਿਤ ਹੋ ਚੁੱਕੇ ਹਨ।

ਭਾਰਤ ਕੋਲ ਅੱਜ ਸ਼੍ਰੀਲੰਕਾ ‘ਤੇ ਆਪਣੀ 100ਵੀਂ ਵਨਡੇ ਜਿੱਤ ਦਰਜ ਕਰਨ ਦਾ ਮੌਕਾ ਹੈ। ਦੋਵਾਂ ਵਿਚਾਲੇ 168 ਵਨਡੇ ਖੇਡੇ ਗਏ, ਜਿਨ੍ਹਾਂ ‘ਚ ਭਾਰਤ ਨੇ 99 ਅਤੇ ਸ਼੍ਰੀਲੰਕਾ ਨੇ 57 ਜਿੱਤੇ। ਇਸ ਦੌਰਾਨ 1 ਵਨਡੇ ਟਾਈ ਰਿਹਾ ਅਤੇ 11 ਮੈਚ ਬੇ-ਨਤੀਜਾ ਰਹੇ ਹਨ। 2014 ਤੋਂ, ਭਾਰਤ ਨੇ ਸ਼੍ਰੀਲੰਕਾ ਨੂੰ 25 ਵਿੱਚੋਂ 21 ਵਨਡੇ ਵਿੱਚ ਹਰਾਇਆ ਹੈ। ਸ਼੍ਰੀਲੰਕਾ ਸਿਰਫ 4 ਮੈਚਾਂ ‘ਚ ਜਿੱਤ ਸਕਿਆ ਹੈ।
