— ਪੈਰਿਸ ਵਿੱਚ ਚੱਲ ਰਹੀਆਂ ਓਲਪਿੰਕ ਖੇਡਾਂ ਦੌਰਾਨ ਹਾੱਕੀ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਜਾਣਾ ਚਾਹੁੰਦੇ ਸਨ ਪੰਜਾਬ ਦੇ ਮੁੱਖ ਮੰਤਰੀ
— ਪੰਜਾਬ ਅਤੇ ਪੰਜਾਬੀਅਤ ਨਾਲ ਨਫ਼ਰਤ ਹੋਣ ਕਰਕੇ ਹੀ ਭਾਜਪਾ ਕਰਦੀ ਆ ਰਹੀ ਵਿਤਕਰਾ
ਚੰਡੀਗੜ੍ਹ, 03 ਅਗਸਤ, 2024 – ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫਰਾਂਸ ਦੌਰੇ ਦੀ ਇਜਾਜ਼ਤ ਨਾ ਦੇਣ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪੈਰਿਸ ਓਲਪਿੰਕ ਵਿੱਚ ਜਾਣ ਦੀ ਇਜਾਜ਼ਤ ਨਾ ਦੇ ਕੇ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨਾਲ ਧੱਕਾ ਕੀਤਾ ਹੈ, ਉੱਥੇ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਹੈ, ਕਿਉਂਕਿ ਭਾਰਤ ਦੇਸ਼ ਦੀ ਹਾੱਕੀ ਟੀਮ ਵਿੱਚ ਜਿਆਦਾਤਰ ਖਿਡਾਰੀ ਪੰਜਾਬ ਦੇ ਹਨ। ਇਹ ਸੰਵਿਧਾਨਕ ਤੌਰ ਤੇ ਚੁਣੇ ਗਏ ਵਿਅਕਤੀ ਦੇ ਮੂਲ ਅਧਿਕਾਰਾਂ ਤੇ ਰੋਕ ਲਾਉਣ ਦੇ ਬਰਾਬਰ ਹੈ। ਜਦਕਿ ਆਮ ਆਦਮੀ ਪਾਰਟੀ ਦੇ ਕਾਰਜਾਂ ਨੂੰ ਦੇਖ ਕੇ ਹੀ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਆਪ ਨੂੰ ਭਾਰੀ ਬਹੁਮਤ ਨਾਲ ਸੱਤਾ ਦੀ ਵਾਗਡੌਰ ਸੌਂਪੀ ਹੈ।
ਸ. ਬਰਸਟ ਨੇ ਕਿਹਾ ਕਿ ਅੰਤਰਰਾਸ਼ਟਰੀ ਪਧੱਰ ਤੇ ਜਾਣ ਤੋਂ ਆਪ ਦੇ ਆਗੂਆਂ ਨੂੰ ਰੋਕਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾ ਵੀ ਮੋਦੀ ਸਰਕਾਰ ਨੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ਤੇ ਜਾਣ ਦੀ ਮਨਜੂਰੀ ਨਹੀਂ ਦਿੱਤੀ ਸੀ, ਜੋ ਕਿ ਉੱਥੇ ਦੇ ਵਿਦਿਅਕ ਸਿਸਟਮ ਨੂੰ ਸਟੱਡੀ ਕਰਨ ਲਈ ਜਾਣਾ ਚਾਹੁੰਦੇ ਸੀ। ਪੈਰਿਸ ਓਲੰਪਿਕ ਵਿੱਚ ਦੇਸ਼ ਦੀ ਹਾੱਕੀ ਟੀਮ ਵੱਲੋਂ ਜਿੱਤਾਂ ਦਾ ਦੌਰ ਜਾਰੀ ਹੈ ਅਤੇ ਹਾੱਕੀ ਟੀਮ ਵਿੱਚ ਜਿੱਆਦਾਤਰ ਪੰਜਾਬ ਦੇ ਖਿਡਾਰੀ ਹਨ। ਪਰ ਫਿਰ ਵੀ ਸ. ਭਗਵੰਤ ਸਿੰਘ ਮਾਨ ਨੂੰ ਹਾੱਕੀ ਟੀਮ ਦਾ ਹੌਂਸਲਾ ਵਧਾਉਣ ਲਈ ਪੈਰਿਸ ਜਾਣ ਤੋਂ ਰੋਕਣਾ ਪੰਜਾਬ ਨਾਲ ਇੱਕ ਹੋਰ ਵਿਤਕਰਾ ਪ੍ਰਗਟ ਕਰਦਾ ਹੈ। ਜਦਕਿ ਉਹ ਆਪਣੇ ਖਰਚੇ ਤੇ ਪੈਰਿਸ ਓਲੰਪਿਕ ਵਿੱਚ ਜਾਣਾ ਚਾਹੁੰਦੇ ਸਨ।

ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਇਸ ਤੋਂ ਪਹਿਲਾ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨਾ, ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨਾਂ-ਮਜਦੂਰਾਂ ਨੂੰ ਮੁਆਵਜਾ ਨਾ ਦੇਣਾ, ਪੰਜਾਬ ਦੇ ਕਿਸਾਨਾਂ-ਮਜਦੂਰਾਂ ਨੂੰ ਦਿੱਲੀ ਜਾਣ ਤੋਂ ਰੋਕਣਾ, ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਤੇ ਹੈਲਥ ਮਿਸ਼ਨ ਫੰਡ ਰੋਕਣਾ ਅਤੇ ਹੁਣ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਕੋਈ ਵੀ ਮਦਦ ਨਾ ਦੇਣਾ ਦੇਸ਼ ਦੇ ਪ੍ਰਧਾਨਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਅਤੇ ਪੰਜਾਬੀਅਤ ਨਾਲ ਨਫ਼ਰਤ ਨੂੰ ਪ੍ਰਗਟ ਕਰਦਾ ਹੈ। ਕੇਂਦਰ ਸਰਕਾਰ ਦੀ ਇਨ੍ਹਾਂ ਕਾਰਗੁਜਾਰੀਆਂ ਕਰਕੇ ਹੀ ਲੋਕ ਭਾਜਪਾ ਤੋਂ ਤੰਗ ਆ ਗਏ ਹਨ ਅਤੇ ਦਿਨੋਂ-ਦਿਨ ਭਾਜਪਾ ਦਾ ਗ੍ਰਾਫ ਹੇਠਾ ਆਉਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਪੰਜਾਬੀਆਂ ਨਾਲ ਵਿਤਕਰੇ ਕਰਨੇ ਬੰਦ ਕਰਨ।
