- ਚੇਅਰਪਰਸਨ ਦੀ ਵਾਧੂ ਜ਼ਿੰਮੇਵਾਰੀ ਸਿੱਖਿਆ ਸਕੱਤਰ ਨੂੰ ਸੌਂਪੀ
ਮੋਹਾਲੀ, 6 ਅਗਸਤ 2024 – ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ ਚੇਅਰਪਰਸਨ ਸਾਬਕਾ ਆਈਏਐਸ ਅਧਿਕਾਰੀ ਸਤਬੀਰ ਬੇਦੀ ਨੇ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਅਸਤੀਫਾ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ’ਤੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ। ਹਾਲਾਂਕਿ ਅਸਤੀਫੇ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ।
ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸਤਬੀਰ ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਦੀ ਨਿਯੁਕਤੀ ਤੋਂ ਤੁਰੰਤ ਬਾਅਦ ਵਿਵਾਦ ਸ਼ੁਰੂ ਹੋ ਗਏ ਸਨ। ਇਲਜ਼ਾਮ ਸੀ ਕਿ ਉਸ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ, ਇਸ ਬਾਰੇ ਵੱਡਾ ਮੁੱਦਾ ਉਠਾਇਆ ਗਿਆ ਸੀ।
ਹਾਲਾਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬੋਰਡ ਨੇ ਕਈ ਵੱਡੇ ਕਦਮ ਚੁੱਕੇ ਹਨ। ਜਿਨ੍ਹਾਂ ਦਾ ਭਰਪੂਰ ਸਹਿਯੋਗ ਮਿਲਿਆ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਹੁਣ ਅਜਿਹੇ ਵਿਅਕਤੀ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਕਰ ਰਹੀ ਹੈ। ਜਿਸ ਕੋਲ ਸਿੱਖਿਆ ਦੇ ਖੇਤਰ ਵਿੱਚ ਲੰਮਾ ਤਜਰਬਾ ਹੈ। ਨਾਲ ਹੀ, ਉਹ ਬੋਰਡ ਨੂੰ ਸ਼ਾਨਦਾਰ ਤਰੀਕੇ ਨਾਲ ਅੱਗੇ ਲੈ ਜਾ ਸਕੇ।
ਸਤਬੀਰ ਬੇਦੀ ਨੇ ਆਪਣੇ ਅਸਤੀਫੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਨੇ ਕੁਝ ਸਮੇਂ ਲਈ ਬੋਰਡ ਤੋਂ ਦੂਰੀ ਬਣਾ ਲਈ ਸੀ। ਉਸ ਦੀ ਸਿਹਤ ਵੀ ਠੀਕ ਨਹੀਂ ਸੀ। ਉਹ ਦਿੱਲੀ ਗਈ ਹੋਈ ਸੀ।