- ਟੇਕਆਫ ਤੋਂ 3 ਮਿੰਟ ਬਾਅਦ ਸੰਪਰਕ ਟੁੱਟ ਗਿਆ ਸੀ
ਨੇਪਾਲ, 8 ਅਗਸਤ 2024 – ਨੇਪਾਲ ਦੇ ਨੁਵਾਕੋਟ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 4 ਚੀਨੀ ਨਾਗਰਿਕ ਅਤੇ ਇੱਕ ਪਾਇਲਟ ਸ਼ਾਮਲ ਹੈ। ਏਅਰ ਡਾਇਨੇਸਟੀ ਦਾ ਹੈਲੀਕਾਪਟਰ ਰਾਜਧਾਨੀ ਕਾਠਮੰਡੂ ਤੋਂ ਰਸੂਵਾ ਜਾ ਰਿਹਾ ਸੀ।
ਮਾਮਲੇ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਨੇਪਾਲ ਦੇ ਸਥਾਨਕ ਮੀਡੀਆ ਮੁਤਾਬਕ ਹੈਲੀਕਾਪਟਰ ਨੇ ਦੁਪਹਿਰ 1:45 ਵਜੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਕਰੀਬ 3 ਮਿੰਟ ਬਾਅਦ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਹਾਲਾਂਕਿ ਇਹ ਹਾਦਸਾ ਕਿਉਂ ਵਾਪਰਿਆ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਰਨ ਵਾਲਿਆਂ ਵਿੱਚ ਤਿੰਨ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ, ਇੱਕ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਹੋਣ ਕਾਰਨ ਪਛਾਣ ਨਹੀਂ ਹੋ ਸਕੀ।
15 ਦਿਨ ਪਹਿਲਾਂ 24 ਜੁਲਾਈ ਨੂੰ ਨੇਪਾਲ ਵਿੱਚ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ। ਇਸ ‘ਚ 18 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਨੇ 24 ਜੁਲਾਈ ਨੂੰ ਸਵੇਰੇ 11 ਵਜੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਪਲਾਂ ਵਿੱਚ ਹੀ ਕਰੈਸ਼ ਹੋ ਗਿਆ। 9N-AME ਜਹਾਜ਼ ਸੌਰਯਾ ਏਅਰਲਾਈਨਜ਼ ਦਾ ਸੀ।
ਹਾਦਸੇ ‘ਚ ਮਰਨ ਵਾਲਿਆਂ ‘ਚੋਂ 17 ਸੌਰਯਾ ਏਅਰਲਾਈਨਜ਼ ਦੇ ਕਰਮਚਾਰੀ ਸਨ, ਜਦਕਿ ਬਾਕੀ 2 ਚਾਲਕ ਦਲ ਦੇ ਮੈਂਬਰ ਸਨ। ਹਾਦਸੇ ਵਿੱਚ ਮਾਰੇ ਗਏ 18 ਲੋਕਾਂ ਵਿੱਚੋਂ ਤਿੰਨ ਇੱਕ ਹੀ ਪਰਿਵਾਰ ਦੇ ਸਨ। ਇਨ੍ਹਾਂ ਵਿੱਚ ਮੁਨ ਰਾਜ ਸ਼ਰਮਾ, ਉਨ੍ਹਾਂ ਦੀ ਪਤਨੀ ਪ੍ਰੀਜਾ ਖਾਤੀਵਾੜਾ ਅਤੇ ਉਨ੍ਹਾਂ ਦਾ ਚਾਰ ਸਾਲ ਦਾ ਬੇਟਾ ਆਦਿ ਰਾਜ ਸ਼ਰਮਾ ਸ਼ਾਮਲ ਸਨ।