- ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ
ਨਵੀਂ ਦਿੱਲੀ, 8 ਅਗਸਤ 2024 – ਬੁੱਧਵਾਰ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਘੁਸਪੈਠ ਕਰ ਰਹੇ ਲਗਭਗ 500 ਬੰਗਲਾਦੇਸ਼ੀਆਂ ਨੂੰ ਬੀਐਸਐਫ ਦੇ ਜਵਾਨਾਂ ਨੇ ਜਲਪਾਈਗੁੜੀ ਨੇੜੇ ਰੋਕ ਲਿਆ। ਉੱਤਰੀ ਬੰਗਾਲ ਫਰੰਟੀਅਰ ਮੁਤਾਬਕ ਇਹ ਲੋਕ ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਦੇ ਹਮਲਿਆਂ ਦੇ ਡਰ ਕਾਰਨ ਇਕੱਠੇ ਹੋਏ ਸਨ।
ਬੀਐਸਐਫ ਅਤੇ ਬਾਰਡਰ ਗਾਰਡ ਬੰਗਲਾਦੇਸ਼ ਨੇ ਇਨ੍ਹਾਂ ਲੋਕਾਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਇਹ ਸਾਰੇ ਵਾਪਸ ਪਰਤ ਗਏ। ਬੰਗਲਾਦੇਸ਼ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ‘ਤੇ ਬੀਐਸਐਫ ਹਾਈ ਅਲਰਟ ‘ਤੇ ਹੈ।
ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਵਿੱਚ ਅੱਜ ਅੰਤਰਿਮ ਸਰਕਾਰ ਦਾ ਗਠਨ ਕੀਤਾ ਜਾਵੇਗਾ। ਇਸ 15 ਮੈਂਬਰੀ ਸਰਕਾਰ ਦੀ ਅਗਵਾਈ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਕਰਨਗੇ। ਸਰਕਾਰ ਦਾ ਸਹੁੰ ਚੁੱਕ ਸਮਾਗਮ 8:30 ਵਜੇ ਹੋਵੇਗਾ।
ਯੂਨਸ ਅੱਜ ਦੁਪਹਿਰ 2:40 ਵਜੇ ਪੈਰਿਸ ਤੋਂ ਬੰਗਲਾਦੇਸ਼ ਪਹੁੰਚਣਗੇ। ਢਾਕਾ ਟ੍ਰਿਬਿਊਨ ਮੁਤਾਬਕ ਸਹੁੰ ਚੁੱਕ ਸਮਾਗਮ ਵਿੱਚ ਕਰੀਬ 400 ਲੋਕ ਸ਼ਾਮਲ ਹੋਣਗੇ। ਬੰਗਲਾਦੇਸ਼ ਦੇ ਫੌਜ ਮੁਖੀ ਵਕਾਰ-ਉਜ਼-ਰਹਿਮਾਨ ਨੇ ਬੁੱਧਵਾਰ ਨੂੰ ਸਹੁੰ ਚੁੱਕ ਸਮਾਗਮ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਸੀ।