ਨਵੀਂ ਦਿੱਲੀ, 8 ਅਗਸਤ 2024 – ਪੰਜਾਬ ਸਰਕਾਰ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਨ ਆਰ ਆਈ ਪੰਜਾਬੀਆਂ ਦੀ ਸਹੂਲਤ ਲਈ ਇੱਕ ਹੈਲਪ ਡੈਸਕ ਸਥਾਪਤ ਕੀਤਾ ਹੈ। ਲੋਕਾਂ ਦੀ ਸਹੂਲਤ ਲਈ ਇੱਥੇ 24 ਘੰਟੇ ਮੁਲਾਜ਼ਮ ਤਾਇਨਾਤ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ।
ਹੈਲਪ ਡੈਸਕ ‘ਤੇ, ਲੋਕਾਂ ਨੂੰ ਹਵਾਈ ਅੱਡੇ ‘ਤੇ ਉਡਾਣਾਂ, ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਅਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਬਾਰੇ ਮਦਦ ਮਿਲੇਗੀ। ਇਸ ਦੇ ਨਾਲ ਹੀ ਐਮਰਜੈਂਸੀ ਦੀ ਸਥਿਤੀ ਵਿੱਚ ਦਿੱਲੀ ਸਥਿਤ ਪੰਜਾਬ ਭਵਨ ਵਿੱਚ ਯਾਤਰੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਕੁਝ ਕਮਰੇ ਉਪਲਬਧਤਾ ਦੇ ਹਿਸਾਬ ਨਾਲ ਉਪਲਬਧ ਕਰਵਾਏ ਜਾਣਗੇ।
ਸਟਾਫ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਜਵਾਨ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ ਵੀ ਚੰਗੀ ਤਰ੍ਹਾਂ ਜਾਣਦੇ ਹੋਣਗੇ। ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਸਰਕਾਰ ਨੇ ਸਹਾਇਤਾ ਕੇਂਦਰ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ। ਲੋਕ ਫੋਨ ਕਰਕੇ ਵੀ ਉਥੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਹੈਲਪਲਾਈਨ ਨੰਬਰ 011-61232182 ‘ਤੇ ਸੰਪਰਕ ਕਰਨਾ ਹੋਵੇਗਾ।