CM ਮਾਨ ਨੇ ਜਾਣ ਬੁੱਝ ਕੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਐਕਵਾਇਰ ਕਰਨ ਪ੍ਰਤੀ ਅਣਗਹਿਲੀ ਵਰਤ ਕੇ ਭਵਿੱਖੀ ਪੀੜੀਆਂ ਨੂੰ ਖ਼ਤਰੇ ਵਿਚ ਪਾਇਆ: ਸੁਖਬੀਰ ਬਾਦਲ

  • ਨਿਤਿਨ ਗਡਕਰੀ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਦਾ ਹਵਾਲਾ ਦੇ ਕੇ ਕਿਹਾ ਕਿ 3263 ਕਰੋੜ ਰੁਪਏ ਦੇ 104 ਕਿਲੋਮੀਟਰ ਦੇ 3 ਪ੍ਰਾਜੈਕਟ ਰੱਦ ਹੋਣ ਅਤੇ 293 ਕਿਲੋਮੀਟਰ ਦੇ 14288 ਕਰੋੜ ਰੁਪਏ ਦੇ 8 ਹੋਰ ਰੱਦ ਕੀਤੇ ਜਾਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਐਕਸਪ੍ਰੈਸਵੇਅ ਪ੍ਰਾਜੈਕਟ ਬਹਾਲ ਕਰਨ ਦੇ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ

ਚੰਡੀਗੜ੍ਹ, 10 ਅਗਸਤ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿਕਾਸ ਨਾਲ ਸਮਝੌਤਾ ਕੀਤਾ ਅਤੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਲਈ ਜਾਣ ਬੁੱਝ ਕੇ ਜ਼ਮੀਨ ਐਕਵਾਇਰ ਕਰਨ ਪ੍ਰਤੀ ਅਣਗਹਿਲੀ ਵਰਤ ਕੇ ਭਵਿੱਖ ਦੀਆਂ ਪੀੜੀਆਂ ਨੂੰ ਖ਼ਤਰੇ ਵਿਚ ਪਾਇਆ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਦੇ ਅਫਸਰਾਂ ਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਨਾਂਹ ਕੀਤੀ ਜਿਸ ਕਾਰਣ 104 ਕਿਲੋਮੀਟਰ ਲੰਬੇ 3263 ਕਰੋੜ ਰੁਪਏ ਦੇ ਪ੍ਰਾਜੈਕਟ ਰੱਦ ਹੋ ਗਏ ਤੇ 293 ਕਿਲੋਮੀਟਰ ਦੇ 14288 ਕਰੋੜ ਰੁਪਏ ਦੇ 8 ਹੋਰ ਪ੍ਰਾਜੈਕਟ ਰੱਦ ਹੋਣ ਕੰਢੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਨੇ ਕਿਵੇਂ ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ਦੀ ਇੰਨੀ ਮਾੜੀ ਹਾਲਤ ਹੋਣ ਦਿੱਤੀ ਕਿ ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨੂੰ ਉਹਨਾਂ ਨੂੰ ਆਖਣਾ ਪਿਆ ਕਿ ਉਹ ਪ੍ਰਾਜੈਕਟ ਦੀ ਸੁਰਜੀਤੀ ਵਾਸਤੇ ਆਪ ਦਖਲ ਦੇਣ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਨਿਤਿਨ ਗਡਕਰੀ ਨਾਲ ਮੀਟਿੰਗ ਵਿਚ ਐਨ ਐਚ ਏ ਆਈ ਦੇ ਪ੍ਰਾਜੈਕਟਾਂ ਲਈ ਦਿੱਤੀ ਗਰੰਟੀ ਦਾ ਕੋਈ ਮੁੱਲ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸੂਬੇ ਦੇ ਲੋਕ ਨਿਰਮਾਣ ਮੰਤਰੀ ਵੱਲੋਂ ਪਿਛਲੇ ਮਹੀਨੇ 15 ਜੁਲਾਈ ਨੂੰ ਹੋਈ ਮੀਟਿੰਗ ਵਿਚ ਭਰੋਸਾ ਦਿੱਤਾ ਸੀ  ਪਰ ਇਸਦੇ ਬਾਜਵੂਦ ਪੰਜਾਬ ਸਰਕਾਰ ਜ਼ਮੀਨ ਐਕਵਾਇਰ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਦੇ ਮਸਲੇ ਹੱਲ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਸਰਕਾਰ ਨੂੰ ਐਨ ਐਚ ਏ ਆਈ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਫੇਲ੍ਹ ਹੋਣ ’ਤੇ ਝਾੜ ਪਾਈ ਹੈ ਤੇ ਦੱਸਿਆ ਹੈ ਕਿ ਕਿਵੇਂ ਹਾਲ ਹੀ ਵਿਚ ਇਕ ਜਲੰਧਰ ਵਿਚ ਇਕ ਇੰਜੀਨੀਅਰ ’ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ।

ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਐਕਸਪ੍ਰੈਸਵੇਅ ਪ੍ਰਾਜੈਕਟ ਸੁਰਜੀਤ ਕਰਨ ਲਈ ਲੋੜੀਂਦੇ ਸਾਰੇ ਕਦਮ ਚੁੱਕਣ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਮੰਗ ਅਤੇ ਬੀਤੇ ਸਮੇਂ ਦੇ ਇਤਿਹਾਸਮੁਤਾਬਕ  ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਵਿਚ ਇਸ ਕਰ ਕੇ ਮੁਸ਼ਕਿਲਾਂ ਆ ਰਹੀਆਂ ਹਨ ਕਿਉਂਕਿ ਮੁੱਖ ਮੰਤਰੀ ਨੇ ਆਪਣੀਆਂ ਜ਼ਮੀਨਾਂ ਦਾ ਵਾਜਬ ਰੇਟ ਮੰਗ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਤੋਂ ਲਗਾਤਾਰ ਇਨਕਾਰ ਕਰ ਦਿੱਤਾ ਹੈ ਅਤੇ ਮੁਆਵਜ਼ੇ ਦਾ ਐਲਾਨ ਕਰਨ ਤੇ ਕਿਸਾਨਾਂ ਨੂੰ ਮੁਆਵਜ਼ਾ ਵੰਡਣ ਵਿਚ ਬੇਲੋੜੀ ਦੇਰੀ ਹੋ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨ ਵਿਰੋਧ ਸਟੈਂਡ ਲੈਣਾ ਬੰਦ ਕਰਨ ਅਤੇ ਕਿਹਾ ਕਿ ਮੁੱਖ ਮੰਤਰੀ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਣਾ ਚਾਹੀਦਾ ਹੈ ਜਿਹਨਾਂ ਨੇ ਪਟਿਆਲਾ ਵਿਚ ਦੱਖਣੀ ਬਾਈਪਾਸ ਲਈ ਐਕਵਾਇਰ ਜ਼ਮੀਨ ਦਾ 1.93 ਕਰੋੜ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਸੀ। ਉਹਨਾਂ ਕਿਹਾ ਕਿ ਹੁਣ 7 ਸਾਲਾਂ ਬਾਅਦ ਆਪ ਸਰਕਾਰ ਕਿਸਾਨਾਂ ਨੂੰ ਉੱਤਰੀ ਬਾਈਪਾਸ ਵਾਸਤੇ ਸਿਰਫ 30 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹੀ ਹਾਲਾਤ ਸੂਬੇ ਵਿਚ ਹੋਰ ਭਾਗਾਂ ਵਿਚ ਹਨ ਜਿਥੇ ਆਪ ਸਰਕਾਰ ਹਾਈਵੇ ਪ੍ਰਾਜੈਕਟਾਂ ਲਈ ਐਕਵਾਇਰ ਹੋਣ ਵਾਲੀ ਜ਼ਮੀਨ ਦੀ ਕੀਮਤ ਦੇ ਨਾਂ ’ਤੇ ਕਿਸਾਨਾਂ ਨੂੰ ਚਿੱਲੜ ਦੇ ਰਹੀ ਹੈ ਜਦੋਂ ਕਿ ਇਹ ਪ੍ਰਾਜੈਕਟ ਸੂਬੇ ਦੇ ਵਿਕਾਸ ਲਈ ਬੇਹੱਦ ਅਹਿਮ ਹਨ।

ਉਹਨਾਂ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹਾਈਵੇ ਵਿਕਾਸ ਨੂੰ ਆਪਣੀ ਇਕ ਨੰਬਰ ਤਰਜੀਹ ਬਣਾਇਆ ਤੇ 30 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਸਫਲਤਾ ਨਾਲ ਮੁਕੰਮਲ ਕੀਤੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਵਿਰਸੇ ਨੂੰ ਅਣਡਿੱਠ ਕਰਨ ਨਾਲੋਂ ਵਿਰਸੇ ਨੂੰ ਅੱਗੇ ਤੋਰਨਾ ਚਾਹੀਦਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹਵੀ  ਆਖਿਆ ਕਿ ਉਹ ਪ੍ਰਾਪੇਗੰਡਾ ਕੰਮਾਂ, ਵਿਰੋਧੀ ਧਿਰ ਖਿਲਾਫ ਸਿਆਸੀ ਬਦਲਾਖੋਰੀ ਪ੍ਰੋਗਰਾਮਾਂ ਅਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਨੱਚਣਾ ਬੰਦ ਕਰਨ ਅਤੇ ਆਪਣਾ ਸਮਾਂ ਸੂਬੇ ਦੀ ਸੇਵਾ ਵਿਚ ਲਗਾਉਣ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਸਰਕਾਰੀ ਫਰਜ਼ ਸੰਜੀਦਗੀ ਨਾਲ ਨਿਭਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਦਾ ਵਿਕਾਸ ਹੋਵੇ ਤੇ ਨਾਲ-ਨਾਲ ਸਾਡੀਆਂ ਭਵਿੱਖੀ ਪੀੜੀਆਂ ਦਾ ਭਵਿੱਖ ਚੰਗੇਰਾ ਹੋਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬੇ ਨੂੰ ਹੱਸਦਾ, ਵੱਸਦਾ ਤੇ ਰੰਗਲਾ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਵੇਖਿਆ ਸੁਪਨਾ ਹੋ ਰਿਹੈ ਪੂਰਾ: ਜੌੜੇਮਾਜਰਾ

ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੀਫ ਜਸਟਿਸ ਆਫ ਇੰਡੀਆ ਡੀ.ਵਾਈ ਚੰਦਰਚੂੜ