- 21 ਕੁੜੀਆ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ 9 ਜਨਵਰੀ ਨੂੰ 24 ਘੰਟੇ ਦੀ ਭੁੱਖ ਹੜਤਾਲ ਤੇ ਬੈਠਣਗੀਆ
- ਸਰਕਾਰ ਰੈਗੂਲਰ ਕਰਨ ਦੀ ਬਜਾਏ ਤਨਖਾਹ ਕਟੌਤੀ ਤੇ ਰੈਸ਼ਨੇਲਾਈਜੇਸ਼ਨ ਦੇ ਬਹਾਨੇ ਮੁਲਾਜ਼ਮਾਂ ਨੂੰ ਨੋਕਰੀ ਛੱਡਣ ਤੇ ਕਰਨ ਲੱਗੀ ਮਜ਼ਬੂਰ
ਚੰਡੀਗੜ੍ਹ, 6 ਜਨਵਰੀ 2021 – ਕਾਂਗਰਸ ਸਰਕਾਰ ਦੇ ਕੰਮ ਦਿਨ ਬ ਦਿਨ ਨਿਆਰੇ ਹੁੰਦੇ ਜਾ ਰਹੇ ਹਨ। ਸਰਕਾਰ ਦੇ ਕਾਰਜ਼ਕਾਲ ਨੂੰ 4 ਸਾਲ ਪੁਰੇ ਹੋਣ ਨੂੰ ਆਏ ਹਨ ਤੇ ਸਰਕਾਰ ਆਪਣੀਆ ਚਾਰ ਸਾਲ ਦੀਆ ਚੰਗੇ ਕੰਮਾਂ ਦੀਆ ਪ੍ਰਾਪਤੀਆ ਗਿਣਾ ਰਹੀ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਨਵੇਂ ਸਾਲ ਤੇ ਨਵੀਆ ਪੱਕੀਆਂ ਨੌਕਰੀਆ ਦੇਣ ਦੇ ਐਲਾਨ ਕੀਤੇ ਹਨ ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਸਰਕਾਰ ਨੇ ਵਾਅਦਾ ਤਾਂ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਅਤੇ ਨਵੀਆਂ ਪੱਕੀਆਂ ਨੌਕਰੀਆ ਦੇਵਾਂਗੇ ਪਰ ਸੱਚਾਈ ਇਸ ਦੇ ਉਲਟ ਹੈ ਜਿਸਦੀ ਤਾਜ਼ਾ ਮਿਸਾਲ ਸਰਵ ਸਿੱਖਿਆ ਅਭਿਆਨ ਤਹਿਤ 15-15 ਸਾਲਾਂ ਤੋਂ ਕੰਮ ਕਰਦੇ ਕਰਮਚਾਰੀਆਂ ਨੂੰ ਨੌਕਰੀ ਛੱਡਣ ਲਈ ਸੂਬਾ ਸਰਕਾਰ ਮਜ਼ਬੂਰ ਕਰ ਰਹੀ ਹੈ।ਸਿੱਖਿਆ ਵਿਭਾਗ ਤੇ ਸਿੱਖਿਆ ਮੰਤਰੀ ਵੱਲੋਂ ਕਰਮਚਾਰੀਆ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਕਰਮਚਾਰੀਆ ਦੀਆ ਤਨਖਾਹਾਂ ਤੇ ਕਟੌਤੀ ਕੀਤੀ ਜਾ ਰਹੀ ਅਤੇ ਕਰਮਚਾਰੀਆ ਦੀਆ ਦੂਰ ਦੁਰਾਡੇ 200-250 ਕਿਲੋਮੀਟਰ ਬਦਲੀਆ ਕਰਕੇ ਨੌਕਰੀ ਛੱਡਣ ਤੇ ਵਿਭਾਗ ਮਜ਼ਬੂਰ ਕਰ ਰਿਹਾ ਹੈ।
ਇਸ ਸਾਰੇ ਦੇ ਰੋਸ ਵਜੋਂ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦੀਆ ਮਹਿਲਾ ਮੁਲਾਜ਼ਮ ਸਘੰਰਸ਼ ਦੇ ਪਿੜ ਵਿਚ ਕੁੱਦ ਚੁੱਕੀਆ ਹਨ ਤੇ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ 21 ਮਹਿਲਾ ਮੁਲਾਜ਼ਮ 9 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰਦੇ ਹੋਏ 10 ਜਨਵਰੀ ਨੂੰ ਖਤਮ ਕਰਨਗੀਆ। ਇਸ ਦੌਰਾਨ ਜਥੇਬੰਦੀ ਵੱਲੋਂ ਵੱਡਾ ਇਕੱਠ ਕਰਕੇ ਸ਼ਹਿਰ ਦੇ ਬਜ਼ਾਰਾਂ ਵਿਚ ਮਾਰਚ ਵੀ ਕੀਤਾ ਜਾਵੇਗਾ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂ ਵਿਕਾਸ ਕੁਮਾਰ ਆਸ਼ੀਸ਼ ਜੁਲਾਹਾ ਪਰਵੀਨ ਸ਼ਰਮਾਂ ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸਰਬਜੀਤ ਸਿੰਘ ਟੁਰਨਾ ਚਮਕੌਰ ਸਿੰਘ ਦਵਿੰਦਰਜੀਤ ਸਿੰਘ ਰਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਲਗਾਤਾਰ ਢਾਈ ਸਾਲ ਤੋਂ ਮੁਲਾਜ਼ਮਾਂ ਨੂੰ ਲਾਰੇ ਲਗਾ ਰਹੇ ਹਨ ਅਤੇ ਸਿੱਖਿਆ ਮੰਤਰੀ ਨਾਲ ਕਈ ਵਾਰ ਮੀਟਿੰਗ ਹੋ ਚੁੱਕੀਆ ਹਨ। ਪਿਛਲੇ ਦਿਨੀ ਸਿੱਖਿਆ ਮੰਤਰੀ ਦੀ ਰਿਹਾਇਸ਼ ਤੇ ਹੋਈ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਏ.ਜੀ ਪੰਜਾਬ ਦਾ ਬਹਾਨਾ ਲਗਾ ਕੇ ਬੇਵੱਸੀ ਜ਼ਾਹਿਰ ਕੀਤੀ ਤੇ ਉਸ ਸਮੇਂ ਵੀ ਆਗੂਆ ਵੱਲੋਂ ਤਨਖਾਹ ਕਟੌਤੀ ਅਤੇ ਦੂਰ ਦੁਰਾਡੇ ਕਰਮਚਾਰੀਆ ਦੀਆ ਬਦਲੀਆ ਦਾ ਸਿੱਖਿਆ ਮੰਤਰੀ ਕੋਲ ਮੁੱਦਾ ਉਠਾਇਆ ਸੀ ਜਿਸ ਤੇ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿੱਤਾ ਸੀ ਕਿ ਇਸ ਤਰ੍ਹਾ ਨਹੀ ਹੋਵੇਗਾ ਪ੍ਰੰਤੂ ਵਿਭਾਗ ਵੱਲੋਂ ਬੀਤੇ ਕੱਲ ਪੱਤਰ ਜ਼ਾਰੀ ਕਰਕੇ ਕਾਰਵਾਈ ਆਰੰਭ ਦਿੱਤੀ ਹੈ ਜਿਸ ਤੋਂ ਮੁਲਾਜ਼ਮ ਵਰਗ ਨਿਰਾਸ਼ ਹੈ ਅਤੇ ਰੋਸ ਵਿਚ ਹੈ ਕਿ ਸਿੱਖਿਆ ਮੰਤਰੀ ਕਰਮਚਾਰੀਆ ਨੂੰ ਗੁੰਮਰਾਹ ਕਰ ਰਹੇ ਹਨ।
ਆਗੁਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸਾਸ਼ਨ ਨੇ ਕੋਈ ਗੱਲ ਨਾ ਸੁਣੀ ਤਾਂ ਕੁੜੀਆ ਮਰਨ ਵਰਤ ਰੱਖਣ ਨੂੰ ਵੀ ਮਜ਼ਬੂਰ ਹੋਣਗੀਆ।