ਗੁਰਦਾਸਪੁਰ, 11 ਅਗਸਤ 2024 – ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਝਬਕਰਾ ਵਿਖੇ ਭਾਰੀ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਕਾਰਨ ਮਲਬੇ ਹੇਠ ਦੱਬ ਕੇ 70 ਸਾਲਾ ਬਜ਼ੁਰਗ ਯੂਸਫ ਮਸੀਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਹੈ। ਘਰ ਦੇ ਬਾਕੀ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਘਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਕਾਨ ਦੀ ਛੱਤ ਪੱਕੀ ਕਰਨ ਲਈ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਸਰਕਾਰੀ ਗਰਾਂਟ ਨਹੀਂ ਮਿਲੀ ਹੈ।
ਜਾਣਕਾਰੀ ਦਿੰਦੇ ਹੋਏ ਬਜ਼ੁਰਗ ਦੇ ਪੁੱਤਰਾਂ ਮੰਗਾ ਅਤੇ ਆਸ਼ੂ ਨੇ ਦੱਸਿਆ ਕਿ ਰਾਤ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ ਜਦੋਂ ਸਵੇਰੇ ਸਾਢੇ 7 ਵਜੇ ਸਾਰੇ ਆਪਣੇ ਘਰ ‘ਚ ਸੌਂ ਰਹੇ ਸਨ ਤਾਂ ਛੱਤ ਤੋਂ ਪਾਣੀ ਡਿੱਗ ਰਿਹਾ ਸੀ | ਹਲਕੀ ਬਾਰਿਸ਼ ਸੀ ਕਿ ਮਿੱਟੀ ਵੀ ਡਿੱਗ ਰਹੀ ਸੀ ਅਤੇ ਫਿਰ ਅਚਾਨਕ ਛੱਤ ਡਿੱਗਣ ਲੱਗੀ ਅਤੇ ਉਸ ਦੀ ਮਾਂ ਅਤੇ ਉਹ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਉਸ ਦਾ ਬਜ਼ੁਰਗ ਦਾਦਾ ਜੋਸਫ ਮਸੀਹ ਦੌੜ ਨਹੀਂ ਸਕਿਆ ਅਤੇ ਪੂਰੀ ਛੱਤ ਉਸ ‘ਤੇ ਡਿੱਗ ਗਈ, ਜਿਸ ਕਾਰਨ ਉਹ ਹੇਠਾਂ ਦੱਬ ਗਿਆ।
ਲੋਕਾਂ ਨੇ ਮਲਬਾ ਹਟਾ ਕੇ ਉਸ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਇਕ ਲੱਤ ਅਤੇ ਰੀੜ ਦੀ ਹੱਡੀ ਟੁੱਟ ਗਈ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਗਰਾਂਟ ਦਿਵਾਉਣ ਲਈ ਅਰਜੀ ਦਿੱਤੀ ਹੈ ਅਤੇ ਉਨਾਂ ਦਾ ਨਾਂ ਵੀ ਲਿਸਟ ਵਿੱਚ ਆਇਆ ਹੈ, ਪਰ ਅਜੇ ਤੱਕ ਉਨ੍ਹਾਂ ਨੂੰ ਪੱਕੇ ਮਕਾਨ ਲਈ ਗਰਾਂਟ ਨਹੀਂ ਦਿੱਤੀ ਗਈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਇਸ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।