ਨਵੀਂ ਦਿੱਲੀ, 13 ਅਗਸਤ 2024 – ਸਾਬਕਾ ਵਿਦੇਸ਼ ਸਕੱਤਰ ਵਿਨੇ ਮੋਹਨ ਕਵਾਤਰਾ ਨੂੰ ਅਮਰੀਕਾ ਵਿਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਅਮਰੀਕਾ ਨੂੰ ਤਾਜ਼ਾ ਨਿਯੁਕਤੀ ਬਾਰੇ ਰਸਮੀ ਇਤਲਾਹ ਦੇ ਦਿਤੀ ਗਈ ਹੈ। 1988 ਬੈਚ ਦੇ ਇੰਡੀਅਨ ਫੌਰਨ ਸਰਵਿਸ ਅਫਸਰ ਵਿਨੇ ਮੋਹਨ ਕਵਾਤਰਾ ਵਾਸ਼ਿੰਗਟਨ ਡੀ.ਸੀ. ਵਿਖੇ ਅਹੁਦਾ ਸੰਭਾਲਣਗੇ ਪਰ ਇਸ ਤੋਂ ਪਹਿਲਾਂ ਕੁਝ ਰਸਮੀ ਕਾਰਵਾਈ ਕੀਤੀ ਜਾਣੀ ਬਾਕੀ ਹੈ।
ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਿਯੁਕਤ ਕੀਤੇ ਗਏ ਵਿਨੈ ਮੋਹਨ ਕਵਾਤਰਾ ਸੋਮਵਾਰ ਨੂੰ ਅਮਰੀਕਾ ਦੀ ਰਾਜਧਾਨੀ ਪਹੁੰਚ ਗਏ। ਕਵਾਤਰਾ (61) ਕੁਝ ਸਮਾਂ ਪਹਿਲਾਂ ਤੱਕ ਭਾਰਤ ਦੇ ਵਿਦੇਸ਼ ਸਕੱਤਰ ਸਨ। ਤਰਨਜੀਤ ਸਿੰਘ ਸੰਧੂ ਦਾ ਕਾਰਜਕਾਲ ਮੁਕੰਮਲ ਹੋਣ ਮਗਰੋਂ ਇਹ ਅਹੁਦਾ ਖਾਲੀ ਪਿਆ ਸੀ ਅਤੇ ਉਹ ਤਰਨਜੀਤ ਸਿੰਘ ਸੰਧੂ ਇਸ ਸਾਲ ਦੇ ਸ਼ੁਰੂ ਵਿੱਚ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਏ ਸਨ ਅਤੇ 2020 ਤੋਂ 2024 ਤੱਕ ਅਮਰੀਕਾ ਵਿੱਚ ਭਾਰਤ ਦੇ ਚੋਟੀ ਦੇ ਡਿਪਲੋਮੈਟ ਵਜੋਂ ਸੇਵਾ ਨਿਭਾਈ ਸੀ।
ਕਵਾਤਰਾ ਪਹਿਲਾਂ ਇੱਥੇ ਭਾਰਤੀ ਦੂਤਾਵਾਸ ਵਿੱਚ ਕੰਮ ਕਰ ਚੁੱਕੇ ਹਨ। ਉਹ ਜਲਦੀ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਆਪਣੇ ਪ੍ਰਮਾਣ ਪੱਤਰ ਸੌਂਪਣਗੇ। ਉਹ ਫਰਾਂਸ ਅਤੇ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਵੀ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਉਹ 14 ਜੁਲਾਈ ਨੂੰ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਏ ਸਨ।