ਨਵੀਂ ਦਿੱਲੀ, 13 ਅਗਸਤ 2024 – ਬੈਡਮਿੰਟਨ ਵਿਸ਼ਵ ਮਹਾਸੰਘ (BWF) ਨੇ ਟੋਕੀਓ ਪੈਰਾਲੰਪਿਕ ‘ਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ‘ਤੇ 18 ਮਹੀਨੇ ਦੀ ਪਾਬੰਦੀ ਲਗਾ ਦਿੱਤੀ ਹੈ। ਡੋਪਿੰਗ ਸਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਸ ਸਥਿਤੀ ਵਿੱਚ ਉਹ ਹੁਣ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇਗਾ। ਪੈਰਿਸ ਵਿੱਚ 28 ਅਗਸਤ ਤੋਂ 8 ਸਤੰਬਰ ਤੱਕ ਪੈਰਾਲੰਪਿਕ ਖੇਡਾਂ ਸ਼ੁਰੂ ਹੋਣਗੀਆਂ।
ਬਿਹਾਰ ‘ਚ ਜਨਮੇ ਭਗਤ ਨੇ ਪਿਛਲੇ ਸਾਲ ਫਰਵਰੀ ‘ਚ ਆਪਣਾ ਪੰਜਵਾਂ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤ ਕੇ ਚੀਨ ਦੇ ਲਿਨ ਡਾਨ ਦੀ ਬਰਾਬਰੀ ਕੀਤੀ ਸੀ। ਭਾਰਤੀ ਪੈਰਾ ਬੈਡਮਿੰਟਨ ਦੇ ਮੁੱਖ ਕੋਚ ਗੌਰਵ ਖੰਨਾ ਨੇ ਕਿਹਾ- ਇਹ ਬਹੁਤ ਦੁਖਦ ਅਤੇ ਮੰਦਭਾਗਾ ਹੈ। ਉਸ ਨੂੰ ਪੈਰਾਲੰਪਿਕ ‘ਚ ਤਮਗੇ ਦੀ ਉਮੀਦ ਸੀ ਪਰ ਉਹ ਯੋਧਾ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਮਜ਼ਬੂਤੀ ਨਾਲ ਵਾਪਸੀ ਕਰੇਗਾ।