ਲੁਧਿਆਣਾ, 16 ਅਗਸਤ 2024 – ਸ਼ਹਿਰ ਦੇ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਦੀਆਂ ਕਾਰਾਂ ਦੇ ਜੈਕ ਲਾ ਕੇ ਟਾਇਰ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਟਾਇਰ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਉਸ ਦੁਕਾਨਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਮੁਲਜ਼ਮ ਟਾਇਰ ਚੋਰੀ ਕਰਕੇ ਵੇਚਦੇ ਸੀ।
ਲੁਧਿਆਣਾ ਦੇ ਡੀਸੀਪੀ ਜਸਕਰਨ ਸਿੰਘ ਤੇਜਾ ਦੀਆਂ ਹਦਾਇਤਾਂ ’ਤੇ ਪੁਲੀਸ ਨੇ ਪੀੜਤ ਸਤਿੰਦਰ ਮੋਹਨ ਦੀ ਸ਼ਿਕਾਇਤ ’ਤੇ ਟੀਮ ਦਾ ਗਠਨ ਕੀਤਾ ਹੈ। ਜਿਸ ਦੀ ਅਗਵਾਈ ਏਡੀਸੀਪੀ ਸ਼ੁਭਮ ਅਗਰਵਾਲ ਨੇ ਕੀਤੀ। ਜਿਸਦੇ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਨਾਕਾਬੰਦੀ ਕਰ ਕੇ ਇੱਕ ਦੋਸ਼ੀ ਪ੍ਰਿੰਸ ਵਾਸੀ ਕੋਚਰ ਮਾਰਕੀਟ, ਲੁਧਿਆਣਾ ਨੂੰ ਕਾਬੂ ਕਰ ਲਿਆ।
ਥਾਣਾ ਡਿਵੀਜ਼ਨ ਨੰਬਰ 8 ਦੀ ਐਸਐਚਓ ਬਲਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਵਾਸੀ ਲੁਧਿਆਣਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਖਰੀਦਦਾਰੀ ਆਦਿ ਲਈ ਆਉਣ ਵਾਲੇ ਲੋਕਾਂ ਦੀਆਂ ਕਾਰਾਂ ਦੇ ਹੇਠਾਂ ਜੈਕ ਲਗਾ ਕੇ ਸਿਰਫ਼ 4 ਤੋਂ 5 ਮਿੰਟ ਵਿੱਚ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਅਤੇ ਟਾਇਰ ਕੱਢ ਕੇ ਲੈ ਜਾਂਦਾ ਸੀ।
ਥਾਣਾ ਡਿਵੀਜ਼ਨ ਨੰਬਰ 8 ਦੀ ਐਸਐਚਓ ਬਲਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਤੋਂ ਪੁੱਛਗਿੱਛ ਕਰਦਿਆਂ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਵਿੱਚ ਉਹ ਦੁਕਾਨਦਾਰ ਵੀ ਸ਼ਾਮਲ ਹੈ ਜਿਸ ਨੂੰ ਪ੍ਰਿੰਸ ਚੋਰੀ ਦੇ ਟਾਇਰ ਵੇਚਦਾ ਸੀ।
ਪੁਲੀਸ ਨੇ ਅਰਮਿੰਦਰ ਸਿੰਘ ਉਰਫ਼ ਬਿੰਦੂ ਅਤੇ ਦੁਕਾਨਦਾਰ ਤਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਐਸਐਚਓ ਬਲਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵੱਖ-ਵੱਖ ਮਾਡਲਾਂ ਦੀਆਂ ਕਾਰਾਂ ਦੇ 6 ਚੋਰੀ ਹੋਏ ਟਾਇਰ ਅਤੇ ਇੱਕ ਚੋਰੀਸ਼ੁਦਾ ਐਕਟਿਵਾ ਬਰਾਮਦ ਹੋਈ ਹੈ।